ਇਥੋਪੀਆਈ ਜਹਾਜ਼ ਦੇ ਚਾਲਕ ਦਸਤੇ ਨੇ ਪ੍ਰਕਿਰਿਆ ਦਾ ਕੀਤਾ ਸੀ ਪਾਲਨ : ਮੋਗਿਸ
Thursday, Apr 04, 2019 - 06:49 PM (IST)

ਅਦੀਸ ਅਬਾਬਾ (ਏ.ਐਫ.ਪੀ.)- ਇਥੋਪੀਆਈ ਏਅਰਲਾਈਨਜ਼ ਜਹਾਜ਼ ਦੇ ਚਾਲਕ ਦਸਤੇ ਦੇ ਮੈਂਬਰਾਂ ਨੇ ਬੋਇੰਗ ਦੀਆਂ ਤੈਅ ਪ੍ਰਕਿਰਿਆਵਾਂ ਦਾ ਲਗਾਤਾਰ ਪਾਲਨ ਕੀਤਾ ਪਰ ਉਹ ਜਹਾਜ਼ 'ਤੇ ਕੰਟਰੋਲ ਹਾਸਲ ਕਰਨ ਵਿਚ ਸਫਲ ਨਹੀਂ ਰਹੇ। ਜਾਂਚਕਰਤਾਵਾਂ ਵਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਮਹੀਨੇ ਇਥੋਪੀਆਈ ਏਅਰਲਾਈਨਜ਼ ਦਾ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ, ਜਿਸ ਵਿਚ 157 ਲੋਕਾਂ ਦੀ ਮੌਤ ਹੋ ਗਈ ਸੀ। ਇਥੋਪੀਆਈ ਟਰਾਂਸਪੋਰਟ ਮੰਤਰੀ ਦਗਮਾਵਿਤ ਮੋਗਿਸ ਨੇ ਇਸ ਸ਼ੁਰੂਆਤੀ ਰਿਪੋਰਟ ਨੂੰ ਜਾਰੀ ਕੀਤਾ। ਰਿਪੋਰਟ ਵਿਚ ਬੋਇੰਗ 737 ਮੈਕਸ 8 ਮਾਡਲ ਨੂੰ ਕੰਟਰੋਲ ਕਰਨ ਵਾਲੀ ਪ੍ਰਣਾਲੀ 'ਤੇ ਹੋਰ ਸ਼ੱਕ ਜਤਾਇਆ ਗਿਆ ਹੈ।
ਮੋਗਿਸ ਨੇ ਦੁਰਘਟਨਾ ਦੀ ਸ਼ੁਰੂਆਤੀ ਜਾਂਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਹਾਜ਼ ਦੇ ਚਾਲਕ ਦਸਤੇ ਦੇ ਮੈਂਬਰਾਂ ਨੇ ਬੋਇੰਗ ਵਲੋਂ ਤੈਅ ਕੀਤੀਆਂ ਗਈਆਂ ਪ੍ਰਕਿਰਿਆਵਾਂ ਦਾ ਲਗਾਤਾਰ ਪਾਲਨ ਕੀਤਾ ਸੀ ਪਰ ਜਹਾਜ਼ 'ਤੇ ਕੰਟਰੋਲ ਕਰਨ ਵਿਚ ਅਸਫਲ ਰਹੇ। ਉਨ੍ਹਾਂ ਨੇ ਦੱਸਿਆ ਕਿ ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਹੈ ਕਿ ਜਹਾਜ਼ ਉਡਾਣ ਕੰਟਰੋਲ ਪ੍ਰਣਾਲੀ ਦੀ ਨਿਰਮਾਤਾ ਕੰਪਨੀ ਵਲੋਂ ਸਮੀਖਿਆ ਕੀਤੀ ਜਾਵੇਗੀ। ਇਸ ਵਿਚਾਲੇ ਇਥੋਪੀਆਈ ਏਅਰਲਾਈਨਜ਼ ਦੇ ਮੁਖੀ ਨੇ ਕਿਹਾ ਕਿ ਜਹਾਜ਼ ਨੂੰ ਦੁਰਘਟਨਾਗ੍ਰਸਤ ਹੋਣ ਤੋਂ ਬਚਾਉਣ ਲਈ ਪਾਇਲਟਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਹਾਦਸੇ ਵਿਚ ਮਾਰੇ ਗਏ 157 ਲੋਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਇਕ ਵਾਰ ਫਿਰ ਸੰਦੇਵਨਾ ਜਤਾਈ ਹੈ। ਸੀ.ਈ.ਓ. ਤਵੋਡੇ ਗੇਬਰੇਮਰੀਮ ਨੇ ਕਿਹਾ ਕਿ ਬਿਆਨ ਵਿਚ ਕਿਹਾ ਕਿ ਐਮਰਜੈਂਸੀ ਪ੍ਰਕਿਰਿਆਵਾਂ ਦਾ ਪਾਲਨ ਕਰਨ ਅਤੇ ਇਸ ਤਰ੍ਹਾਂ ਦੇ ਮੁਸ਼ਕਲ ਹਾਲਾਤਾਂ ਵਿਚ ਉੱਚ ਪੱਧਰ ਦਾ ਪੇਸ਼ੇਵਰ ਪ੍ਰਦਰਸ਼ਨ ਕਰਨ ਲਈ ਸਾਨੂੰ ਆਪਣੇ ਪਾਇਲਟਾਂ 'ਤੇ ਮਾਣ ਹੈ।