ਇਕਵਾਟੋਰੀਅਲ ਗਿਨੀ ''ਚ ਧਮਾਕਾ, 20 ਲੋਕਾਂ ਦੀ ਮੌਤ ਤੇ 600 ਜ਼ਖਮੀ (ਵੀਡੀਓ)
Monday, Mar 08, 2021 - 05:39 PM (IST)
ਔਗਾਡੋਉਗੋਉ (ਭਾਸ਼ਾ): ਇਕਵਾਟੋਰੀਅਲ ਗਿਨੀ ਵਿਚ ਇਕ ਮਿਲਟਰੀ ਬੈਰਕ ਵਿਚ ਐਤਵਾਰ ਨੂੰ ਸਿਲਸਿਲੇਵਾਰ ਬੰਬ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸਾਰਨਕਰਤਾ ਟੀਵੀਜੀਈ ਨੇ ਰਾਸ਼ਟਰਪਤੀ ਤੇਓਡੋਰੋ ਓਬਿਯੰਗ ਨਗੁਏਮਾ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਮਿਲਟਰੀ ਬੈਰਕ ਵਿਚ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਹੋਇਆ। ਮਿਲਟਰੀ ਬੈਰਕ ਬਾਟਾ ਵਿਚ ਮੋਂਡੋਂਗ ਨੁਕੁੰਤੋਮਾ ਨੇੜੇ ਸਥਿਤ ਹੈ।
ਰਾਸ਼ਟਰਪਤੀ ਨੇ ਬਿਆਨ ਵਿਚ ਕਿਹਾ,''ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਬਾਟਾ ਵਿਚ ਲੱਗਭਗ ਸਾਰੇ ਮਕਾਨਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।'' ਰੱਖਿਆ ਮੰਤਰਾਲੇ ਨੇ ਐਤਵਾਰ ਦੇਰ ਰਾਤ ਬਿਆਨ ਜਾਰੀ ਕਰ ਕੇ ਦੱਸਿਆ ਕਿ ਸੰਭਵ ਤੌਰ 'ਤੇ ਬੈਰਕ ਵਿਚ ਹਥਿਆਰਾਂ ਦੇ ਡਿਪੋ ਵਿਚ ਅੱਗ ਲੱਗਣ ਕਾਰਨ ਧਮਾਕਾ ਹੋਇਆ। ਬਿਆਨ ਵਿਚ ਕਿਹਾ ਗਿਆ ਕਿ ਧਮਾਕੇ ਵਿਚ 20 ਲੋਕਾਂ ਦੇ ਮਰਨ ਅਤੇ 600 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ ਅਤੇ ਧਮਾਕਾ ਹੋਣ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਇੱਥੇ ਦੱਸ ਦਈਏ ਕਿ ਇਕਵਾਟੋਰੀਅਲ ਗਿਨੀ 13 ਲੱਖ ਦੀ ਆਬਾਦੀ ਵਾਲਾ ਇਕ ਅਫਰੀਕੀ ਦੇਸ਼ ਹੈ ਜੋ ਕੈਮਰੂਨ ਦੇ ਦੱਖਣ ਵਿਚ ਸਥਿਤ ਹੈ। 1968 ਵਿਚ ਆਜ਼ਾਦੀ ਤੋਂ ਪਹਿਲਾਂ ਇਹ ਸਪੇਨ ਦੀ ਬਸਤੀ ਸੀ।
ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਧਮਾਕੇ ਵਿਚ 17 ਲੋਕਾਂ ਦੇ ਮਰਨ ਦੀ ਗੱਲ ਦੱਸੀ ਸੀ ਜਦਕਿ ਰਾਸ਼ਟਰਪਤੀ ਨੇ 15 ਲੋਕਾਂ ਦੇ ਮਰਨ ਦੀ ਸੂਚਨਾ ਦਿੱਤੀ ਸੀ। ਵਿਦੇਸ਼ ਮੰਤਰੀ ਸਿਮੇਨ ਓਯੋਨੋ ਏਸੋਨੋ ਆਂਗੁ ਨੇ ਵਿਦੇਸ਼ੀ ਰਾਜਦੂਤਾਂ ਨਾਲ ਮੁਲਾਕਾਤ ਕੀਤੀ ਅਤੇ ਮਦਦ ਦੀ ਅਪੀਲ ਕੀਤੀ। ਇਹ ਧਮਾਕਾ ਤੇਲ ਸੰਪੰਨ ਮੱਧ ਅਫਰੀਕੀ ਦੇਸ਼ ਲਈ ਇਕ ਝਟਕਾ ਹੈ। ਉਹਨਾਂ ਨੇ ਕਿਹਾ,''ਦੇਸ਼ ਵਿਚ ਸਿਹਤ ਐਮਰਜੈਂਸੀ (ਕੋਵਿਡ-19 ਕਾਰਨ) ਦੀ ਸਥਿਤੀ ਅਤੇ ਬਾਟਾ ਵਿਚ ਤ੍ਰਾਸਦੀ ਨੂੰ ਦੇਖਦੇ ਹੋਏ ਅਜਿਹੀ ਸੰਕਟ ਦੀ ਸਥਿਤੀ ਵਿਚ ਦੋਸਤ ਦੇਸ਼ਾਂ ਤੋਂ ਮਦਦ ਦੀ ਮੰਗ ਕਰਨਾ ਜ਼ਰੂਰੀ ਹੋ ਜਾਂਦਾ ਹੈ।''
ਰੇਡੀਓ ਸਟੇਸ਼ਨ 'ਰੇਡੀਓ ਮੈਕੁਤੋ' ਨੇ ਟਵਿੱਟਰ 'ਤੇ ਦੱਸਿਆ ਕਿ ਸ਼ਹਿਰ ਦੇ ਚਾਰ ਕਿਲੋਮੀਟਰ ਦੇ ਦਾਇਰੇ ਵਿਚ ਮੌਜੂਦ ਲੋਕਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਕਿਉਂਕਿ ਧਮਾਕੇ ਦੇ ਕਾਰਨ ਨਿਕਲਣ ਵਾਲਾ ਧੂੰਆਂ ਹਾਨੀਕਾਰਕ ਹੋ ਸਕਦਾ ਹੈ। ਧਮਾਕੇ ਦੇ ਬਾਅਦ ਸਪੇਨ ਦੇ ਦੂਤਾਵਾਸ ਨੇ ਟਵਿੱਟਰ 'ਤੇ ਸਪੇਨ ਦੇ ਨਾਗਰਿਕਾਂ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ।