ਇੰਗਲੈਂਡ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਨਾਟਕ ਖੇਡੇ ਗਏ
Tuesday, Nov 26, 2019 - 05:07 PM (IST)

ਲੰਡਨ (ਸੰਜੀਵ ਭਨੋਟ): 22 ਨਵੰਬਰ ਨੂੰ ਇੰਗਲੈਂਡ ਦੇ ਪਹਿਲੇ ਗੁਰੂ ਘਰਾਂ ਵਿਚੋਂ ਇੱਕ ਗੁਰੂ ਨਾਨਕ ਗੁਰੂਦਵਾਰਾ ਹਾਈ ਸਟਰੀਟ ਸਮੈਥਿਕ ਵਿਖੇ ਅਗਮ ਥੀਏਟਰ ਗਰੁੱਪ ਬਰਮਿੰਘਮ ਵਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਗੁਰਦਿਆਲ ਸਿੰਘ ਫੁੱਲ ਹੁਣਾਂ ਦੇ ਲਿਖੇ ਹੋਏ ਧਾਰਮਿਕ ਨਾਟਕ ਖੇਡੇ ਗਏ। ਜਿਨੁ ਸੱਚਿ ਪੱਲੇ ਹੋਇ ਅਤੇ ਇਹ ਲਹੂ ਕਿਸਦਾ ਹੈ? ਜਿਸ ਵਿਚ ਪੰਜਾਬ ਖਾਸ ਤੌਰ 'ਤੇ ਆਏ ਬਹੁਤ ਮੰਝੇ ਹੋਏ ਰੰਗਮੰਚ ਦੇ ਕਲਾਕਾਰਾਂ ਨੇ ਨਾਟਕ ਖੇਡੇ, ਜਿਨ੍ਹਾਂ ਵਿਚ ਸੁਖਵੀਰ ਸਿੰਘ ਬਾਠ, ਵਿਜੇ ਸ਼ਰਮਾ, ਬਲਵਿੰਦਰ ਭਾਰਤੀ, ਇੰਦਰਜੀਤ ਪਾਲ ਤੇ ਸੁਖਵਿੰਦਰ ਵਿਰਕ ਦੇ ਨਾਲ-ਨਾਲ ਇੰਗਲੈਂਡ ਵਸਦੇ ਰੰਗਮੰਚ ਦੇ ਜਾਣੇ ਪਛਾਣੇ ਨਿਰਦੇਸ਼ਕ ਤੇ ਕਲਾਕਾਰ ਗੁਲਸ਼ਨ ਢੀਂਗਰਾ ਨੇ ਹਿੱਸਾ ਲਿਆ ।
ਨਾਟਕ ਜ਼ਰੀਏ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ 'ਤੇ ਜ਼ੋਰ ਦਿੱਤਾ ਗਿਆ ਤੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਇੱਕੋ ਰੱਬ ਵਿੱਚ ਯਕੀਨ ਰੱਖਣਾ ਦਰਸਾਇਆ ਗਿਆ। ਗੁਰੂ ਘਰ ਦਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ। ਜਿੱਥੇ ਬਜੁਰਗਾਂ ਤੇ ਜਵਾਨਾਂ ਦੇ ਨਾਲ-ਨਾਲ ਭਾਰੀ ਗਿਣਤੀ ਵਿੱਚ ਛੋਟੇ ਬੱਚਿਆਂ ਨੇ ਵੀ ਹਾਜ਼ਰੀ ਭਰੀ ਤੇ ਨਾਟਕ ਨਾਲ ਅੰਤ ਤੱਕ ਜੁੜੇ ਰਹੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਗਮ ਥੀਏਟਰ ਗਰੁੱਪ ਦਾ ਪੂਰਾ ਸਾਥ ਦਿੱਤਾ ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਇਹ ਭਰੋਸਾ ਦਵਾਇਆ ਕਿ ਅੱਗੇ ਤੋਂ ਵੀ ਗੁਰੂ ਘਰ ਦੀ ਕਮੇਟੀ ਸਿੱਖੀ ਸਿਧਾਂਤਾਂ ਨਾਲ ਜੁੜੇ ਹੋਏ ਨਾਟਕ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਪੂਰਾ ਸਾਥ ਦੇਵੇਗੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕਦੇ ਹਾਂ। ਆਏ ਹੋਏ ਦਰਸ਼ਕਾਂ ਨੇ ਨਾਟਕਾਂ ਨੂੰ ਬਹੁਤ ਸਲਾਹਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੋਈ ਵੀ ਫੋਟੋ ਵਰਤੇ ਬਿਨਾਂ ਵੀ ਇਹ ਅਹਿਸਾਸ ਕਰਵਾ ਦਿੱਤਾ ਕਿ ਜਿਵੇਂ ਬਾਬਾ ਨਾਨਕ ਉਸ ਵੇਲੇ ਉੱਥੇ ਮੌਜ਼ੂਦ ਹੋਣ। ਅੰਤ ਵਿਚ ਗੁਲਸ਼ਨ ਢੀਂਗਰਾ ਨੇ ਆਏ ਹੋਏ ਦਰਸ਼ਕਾਂ ਤੇ ਗੁਰੂ ਘਰ ਦੀ ਸਾਰੀ ਕਮੇਟੀ ਤੇ ਟ੍ਰਸਟੀਜ਼ ਦਾ ਧੰਨਵਾਦ ਕੀਤਾ ।