ਲੰਡਨ 'ਚ ਸੁਨਿਆਰੇ ਨੂੰ ਲੁੱਟਣ ਵਾਲੇ ਭਾਰਤੀ ਨੂੰ ਜੇਲ

03/08/2019 5:02:01 PM

ਲੰਡਨ (ਰਾਜਵੀਰ ਸਮਰਾ)— ਇੰਗਲੈਂਡ ਦੇ ਲੈਸਟਰ ਸ਼ਹਿਰ ਦੇ ਇਕ ਸੁਨਿਆਰੇ ਨੂੰ ਬੁਰਕਾ ਪਾ ਕੇ ਲੁੱਟਣ ਵਾਲੇ ਪਟੇਲ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੈਸਟਰ ਸਿਟੀ ਸੈਂਟਰ ਦੀ ਹੇਅਮਾਰਕਿਟ ਸਥਿਤ ਇਕ ਸੁਨਿਆਰੇ ਦੀ ਦੁਕਾਨ ਵਿਚ 42 ਸਾਲਾ ਇਮਤਿਆਜ਼ ਪਟੇਲ ਸਵੇਰੇ ਕਰੀਬ ਪੌਣੇ ਦਸ ਵਜੇ ਦਾਖਲ ਹੋਇਆ। ਉਸ ਸਮੇਂ ਉਹ ਇਕ ਔਰਤ ਦੇ ਲਿਬਾਸ ਵਿਚ ਸੀ।|ਉਸ ਨੇ ਸਕਾਰਫ ਨਾਲ ਆਪਣਾ ਮੂੰਹ ਵੀ ਢੱਕਿਆ ਹੋਇਆ ਸੀ। ਉਸ ਨੇ ਸੁਨਿਆਰੇ ਨੂੰ 7 ਹਜਾਰ ਪੌਂਡ ਕੀਮਤ ਦੀ ਘੜੀ ਦਿਖਾਉਣ ਦੀ ਮੰਗ ਕੀਤੀ,ਜਿਸ ਮਗਰੋਂ ਸੁਨਿਆਰੇ ਦੇ ਸਟਾਫ ਨੂੰ ਸ਼ੱਕ ਪੈ ਗਿਆ ਸੀ।

ਉਸ ਨੇ ਘੜੀ ਪਸੰਦ ਨਾ ਆਉਣ ਕਾਰਨ ਹੋਰ ਕੀਮਤੀ ਘੜੀ ਦਿਖਾਉਣ ਦੀ ਇੱਛਾ ਜ਼ਾਹਿਰ ਕੀਤੀ। ਪਰ ਜਦੋਂ ਸਟਾਫ ਨੇ ਪਹਿਲੀ ਘੜੀ ਵਾਪਸ ਲੈਣ ਦੀ ਮੰਗ ਕੀਤੀ ਤਾਂ ਪਟੇਲ ਨੇ ਚਾਕੂ ਕੱਢ ਲਿਆ ਸੀ ਅਤੇ ਉਹ 7 ਹਜਾਰ ਪੌਂਡ ਕੀਮਤ ਦੀ ਰੋਲਕਸ ਘੜੀ ਲੈ ਕੇ ਫਰਾਰ ਹੋ ਗਿਆ ਸੀ।ਰੌਲਾ ਪੈਣ ਤੇ ਨੇੜੇ ਹੀ ਗਸਤ ਕਰ ਰਹੀ ਪੁਲਿਸ ਨੇ ਪਟੇਲ ਨੂੰ ਮੇਨਸਫੀਲਡ ਸਟਰੀਟ ਤੋਂ ਸੋਰਟ ਸਟਰੀਟ ਵੱਲ ਘੜੀ ਸਮੇਤ ਭੱਜਦਿਆਂ ਦੇਖਿਆ ਸੀ, ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਜਨਤਾ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਸੀ।|

ਪਟੇਲ ਨੂੰ ਉਸੇ ਦਿਨ ਡਾਕੇ ਅਤੇ ਤੇਜ਼ਧਾਰ ਹਥਿਆਰ ਰੱਖਣ ਦੇ ਜ਼ੁਰਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਨੂੰ ਉਸ ਨੇ ਲੈਸਟਰ ਕਰਾਊਨ ਕੋਰਟ ਵਿਚ ਕਬੂਲ ਕਰ ਲਿਆ ਸੀ।ਅਦਾਲਤ ਨੇ ਪਟੇਲ ਨੂੰ ਡਾਕਾ ਮਾਰਨ ਲਈ 4 ਸਾਲ ਜੇਲ ਦੀ ਸਜ਼ਾ ਦੇ ਨਾਲ ਤੇਜ਼ਧਾਰ ਹਥਿਆਰ ਰੱਖਣ ਲਈ 9 ਮਹੀਨੇ ਦੀ ਸਜ਼ਾ ਸੁਣਾਈ ਹੈ। ਜਨਤਕ ਥਾਂ ਉੱਤੇ ਖੱਲਲ ਪਾਉਣ ਲਈ ਉਸ ਨੂੰ 2 ਮਹੀਨੇ ਦੀ ਵੱਖਰੀ ਸਜ਼ਾ ਦਿੱਤੀ ਗਈ ਹੈ ਪਰ ਪਟੇਲ ਨੂੰ ਕੁੱਲ 4 ਸਾਲ ਅਤੇ 2 ਮਹੀਨੇ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ। 


Vandana

Content Editor

Related News