ਇੰਗਲੈਂਡ 'ਚ ਖੇਡ ਮੈਦਾਨਾਂ ਸਮੇਤ ਸੱਤ ਨਵੇਂ ਕੇਂਦਰ ਖੋਲ੍ਹਣ ਨਾਲ ਟੀਕਾਕਰਨ ਦੀ ਪ੍ਰਕਿਰਿਆ ਹੋਵੇਗੀ ਤੇਜ਼
Monday, Jan 11, 2021 - 03:21 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਵਾਇਰਸ ਦੀ ਲਾਗ ਨੂੰ ਰੋਕਣ ਲਈ ਇਸ ਦੀ ਟੀਕਾਕਰਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਮੰਤਵ ਲਈ ਸੱਤ ਨਵੇਂ ਟੀਕਾਕਰਨ ਕੇਂਦਰ ਖੋਲ੍ਹੇ ਜਾ ਰਹੇ ਹਨ। ਇਹਨਾਂ ਵਿੱਚ ਇੱਕ ਫੁੱਟਬਾਲ ਸਟੇਡੀਅਮ, ਟੈਨਿਸ ਕਲੱਬ ਅਤੇ ਇੱਕ ਰੇਸ ਕੋਰਸ ਵੀ ਸ਼ਾਮਿਲ ਹੈ। ਦੇਸ਼ ਵਿੱਚ ਇਹ ਕੇਂਦਰ 11 ਜਨਵਰੀ ਨੂੰ ਖੁੱਲ੍ਹਣ ਵਾਲੇ ਹਨ, ਜਿਸ ਨਾਲ ਹਜ਼ਾਰਾਂ ਹੋਰ ਲੋਕ ਇਸ ਹਫਤੇ ਕੋਰੋਨਾ ਵਾਇਰਸ ਟੀਕਾ ਪ੍ਰਾਪਤ ਕਰਨਗੇ।
ਇੰਗਲੈਂਡ ਵਿੱਚ ਖੁੱਲ੍ਹ ਰਹੇ ਇਹਨਾਂ ਨਵੇਂ ਟੀਕਾ ਕੇਂਦਰਾਂ ਵਿੱਚ ਬ੍ਰਿਸਟਲ 'ਚ ਐਸ਼ਟਨ ਗੇਟ, ਸਰੀ ਦਾ ਐਪਸੋਮ ਰੇਸ ਕੋਰਸ, ਐਕਸਲ ਸੈਂਟਰ ਜਿਥੇ ਲੰਡਨ ਦਾ ਨਾਈਟਿੰਗਲ ਹਸਪਤਾਲ ਸਥਿਤ ਹੈ, ਨਿਊਕੈਸਲ ਦਾ ਸੈਂਟਰ ਫਾਰ ਲਾਈਫ, ਮਾਨਚੇਸਟਰ 'ਚ ਟੈਨਿਸ ਅਤੇ ਫੁੱਟਬਾਲ ਸੈਂਟਰ, ਸਟੀਵਨਜ ਅਤੇ ਬਰਮਿੰਘਮ ਦੇ ਮਿਲੇਨੀਅਮ ਪੁਆਇੰਟ ਦਾ ਰੌਬਰਟਸਨ ਹਾਊਸ ਆਦਿ ਸ਼ਾਮਿਲ ਹਨ। ਐੱਨ.ਐੱਚ.ਐੱਸ ਇੰਗਲੈਂਡ ਅਨੁਸਾਰ ਇਹਨਾਂ ਸਥਾਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਦੇ ਉਦੇਸ਼ ਲਈ ਚੁਣਿਆ ਗਿਆ ਹੈ। ਇਸ ਦੇ ਇਲਾਵਾ ਇਹ ਨਵੇਂ ਸੈਂਟਰ ਆਉਣ ਵਾਲੇ ਦਿਨਾਂ ਵਿੱਚ ਸੈਂਕੜੇ ਹੋਰ ਹਸਪਤਾਲ ਦੀਆਂ ਸੇਵਾਵਾਂ ਦੇ ਨਾਲ ਜੁੜ ਜਾਣਗੇ, ਜਿਨ੍ਹਾਂ ਦੀ ਗਿਣਤੀ ਲੱਗਭਗ 1200 ਹੋ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਹਿੰਦੂ ਸੰਗਠਨਾਂ ਨੇ ਪਾਕਿ 'ਚ ਘੱਟ ਗਿਣਤੀਆਂ ਦੇ ਸ਼ੋਸ਼ਣ 'ਤੇ ਬੋਰਿਸ ਨੂੰ ਕੀਤੀ ਇਹ ਅਪੀਲ
ਇਹ ਨਵੇਂ ਮਾਸ ਟੀਕਾਕਰਨ ਕੇਂਦਰ ਹਰ ਹਫ਼ਤੇ ਹਜ਼ਾਰਾਂ ਟੀਕੇ ਲਗਾਉਣ ਦੇ ਸਮਰੱਥ ਹੋਣਗੇ ਅਤੇ ਸਰਕਾਰ ਇਸ ਦੌਰਾਨ ਫਰਵਰੀ ਦੇ ਅੱਧ ਤੱਕ ਤਕਰੀਬਨ 14 ਮਿਲੀਅਨ ਕਮਜ਼ੋਰ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਮਿੱਥ ਰਹੀ ਹੈ, ਜਿਸ ਵਿੱਚ 80 ਸਾਲ ਦੀ ਉਮਰ ਤੋਂ ਵੱਧ, ਕੇਅਰ ਹੋਮ ਰੈਜ਼ੀਡੈਂਟਸ ਅਤੇ ਸਿਹਤ ਦੇਖਭਾਲ ਕਾਮੇ ਸ਼ਾਮਿਲ ਹਨ। ਇਸ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਟੀਚੇ ਨੂੰ ਪੂਰਾ ਕਰਨ ਲਈ ਇੰਗਲੈਂਡ ਵਿੱਚ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਸਮੇਂ ਦੇਸ਼ ਭਰ ਵਿੱਚ ਲੱਗਭਗ 1000 ਟੀਕਾਕਰਨ ਸਾਈਟਾਂ ਵਿੱਚੋਂ, ਤਕਰੀਬਨ 800 ਜੀ ਪੀ ਸੰਚਾਲਿਤ ਕੇਂਦਰਾਂ ਵੱਲੋਂ ਜ਼ਿਆਦਾਤਰ ਟੀਕੇ ਲਗਾਉਣ ਦੀ ਉਮੀਦ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।