ਲੰਡਨ ''ਚ ਭਾਰਤ ਸਰਕਾਰ ਵੱਲੋਂ ਪਾਸ CAA ਵਿਰੁੱਧ ਰੋਸ ਮੁਜਾਹਰੇ

12/19/2019 5:20:40 PM

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਨਾਗਰਿਕਤਾ ਸੋਧ ਐਕਟ (CAA) ਨੂੰ ਲੈ ਕੇ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਵਿਸ਼ਵ ਭਰ ਵਿੱਚ ਆਲੋਚਨਾ ਹੋ ਰਹੀ ਹੈ। ਇੱਕ ਰਾਸ਼ਟਰ ਨੂੰ ਧਰਮ ਆਧਾਰਿਤ ਭੁਚਲੇਵਿਆਂ 'ਚ ਲੈ ਕੇ ਵੰਡੀਆਂ ਪਾਉਣ ਵਾਲੀ ਖੇਡ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸੇ ਲੁਕਵੀਂ ਖੇਡ ਖਿਲਾਫ਼ ਇੰਗਲੈਂਡ ਵਿੱਚ ਸਰਗਰਮ ਨੌਜਵਾਨਾਂ ਦੀ ਸੰਸਥਾ ਸਕੂਲ ਆਫ ਅਫਰੀਕਨ ਐਂਡ ਓਰੀਐਂਟਲ ਸਟੱਡੀਜ਼ ਵੱਲੋਂ ਆਵਾਜ਼ ਉਠਾਉਣ ਦਾ ਹੋਕਾ ਉਦੋਂ ਦਿੱਤਾ ਗਿਆ ਜਦੋਂ ਭਾਰਤ ਵਿੱਚ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜੱਥੇਬੰਦੀ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਮਾਰੀ ਆਵਾਜ਼ ਦਾ ਨਤੀਜ਼ਾ ਇਹ ਨਿੱਕਲਿਆ ਕਿ ਦੇਸ਼ ਭਰ ਵਿੱਚੋਂ ਵੱਖ-ਵੱਖ ਲੋਕ ਪੱਖੀ ਸੰਸਥਾਵਾਂ ਨਾਲ ਕੰਮ ਕਰਦੇ ਨੌਜਵਾਨ ਮੁੰਡੇ-ਕੁੜੀਆਂ ਇਸ ਰੋਸ ਮੁਜਾਹਰੇ ਲਈ ਤਿਆਰੀ ਕਰਨ ਲੱਗੇ। 

PunjabKesari

ਮੁਜਾਹਰੇ ਦੌਰਾਨ ਬਰਤਾਨਵੀ ਪਾਰਲੀਮੈਂਟ, ਲੰਡਨ ਟਾਵਰ ਅਤੇ ਭਾਰਤੀ ਹਾਈ ਕਮਿਸ਼ਨਰ ਦਫ਼ਤਰ ਦੇ ਆਸ- ਪਾਸ ਮੁਜਾਹਰਾਕਾਰੀਆਂ ਦੇ ਲੋਕ ਪੱਖੀ ਨਾਅਰਿਆਂ ਦੀ ਗੂੰਜ ਹੀ ਸੁਣਾਈ ਦੇ ਰਹੀ ਸੀ। ਇਸ ਮੁਜਾਹਰੇ ਦਾ ਹਿੱਸਾ ਬਣਨ ਲਈ ਸਾਥੀ ਜੱਥੇਬੰਦੀਆਂ ਇੰਡੀਅਨ ਵਰਕਰਜ਼ ਐਸੋਸੀਏਸਨ (ਗ੍ਰੇਟ ਬ੍ਰਿਟੇਨ) ਦੀਆਂ ਇੰਗਲੈਂਡ ਵਿਚਲੀਆਂ ਸਮੁੱਚੀਆਂ ਇਕਾਈਆਂ ਦੇ ਕਾਰਕੁੰਨ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਸਨ। ਐਸੋਸੀਏਸ਼ਨ ਆਫ ਇੰਡੀਅਨ ਕਮਿਊਨਿਸਟਜ਼, ਸਾਊਥਾਲ ਬਲੈਕ ਸਿਸਟਰਜ਼ ਸਮੇਤ ਵੱਖ-ਵੱਖ ਸੰਸਥਾਵਾਂ ਦੇ ਲਗਭਗ 1500 ਕਾਰਕੁੰਨ ਕੜਾਕੇ ਦੀ ਠੰਢ ਅਤੇ ਲਗਾਤਾਰ ਹੋ ਰਹੀ ਕਿਣਮਿਣ ਵਿੱਚ ਵੀ ਨਾਅਰੇ ਬੁਲੰਦ ਕਰਦੇ ਰਹੇ।

PunjabKesari

ਲੰਡਨ ਦੀ ਬੇਹੱਦ ਭੀੜ ਭੜੱਕੇ ਵਾਲੀ ਸੜਕ ਦੇ ਦੋਹੇਂ ਪਾਸੀਂ ਖੜ੍ਹੇ ਮੁਜਾਹਰਾਕਾਰੀ ਇੰਨੇ ਜਾਬਤਾਬੱਧ ਨਜ਼ਰ ਆਏ ਕਿ ਕਿਸੇ ਵੀ ਪੁਲਿਸ ਦਸਤੇ ਵੱਲੋਂ ਉਹਨਾਂ ਨਾਲ ਤਲਖੀ ਨਾ ਦਿਖਾਈ ਗਈ, ਸਗੋਂ ਪੁਲਿਸ ਕਰਮੀ ਆਵਾਜਾਈ ਨੂੰ ਚਾਲੂ ਰੱਖਣ ਵਿੱਚ ਰੁੱਝੇ ਰਹੇ। ਮੁਜਾਹਰੇ ਦੌਰਾਨ ਕਿਸੇ ਰਾਹਗੀਰ ਵੱਲੋਂ ਤੰਗੀ ਦਾ ਪ੍ਰਗਟਾਵਾ ਨਾ ਕਰਦਿਆਂ ਖੁਦ ਬਖੁਦ ਨੌਜਵਾਨਾਂ ਨਾਲ ਆਵਾਜ਼ ਮਿਲਾਉਂਦੇ ਦੇਖਿਆ ਗਿਆ। ਸਮੁੱਚੇ ਮੁਜਾਹਰੇ ਦੌਰਾਨ "ਕਨੱਈਆ ਕੁਮਾਰ ਸਟਾਈਲ" ਨਾਅਰੇ ਤੇ ਗੀਤਾਂ ਦੀਆਂ ਤੁਕਾਂ ਹੀ ਫ਼ਿਜ਼ਾਵਾਂ ਵਿੱਚ ਗੂੰਜਦੀਆਂ ਰਹੀਆਂ। ਲਗਭਗ 2 ਘੰਟੇ ਬਿਨਾਂ ਸਾਹ ਲਏ ਚੱਲੀ ਨਾਅਰੇਬਾਜ਼ੀ ਦੌਰਾਨ "ਮੋਦੀ ਸਰਕਾਰ ਤੋਂ ਆਜ਼ਾਦੀ" ਦੇ ਨਾਅਰੇ ਬੁਲੰਦ ਹੁੰਦੇ ਰਹੇ। 

PunjabKesari

ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਦਿਆਲ ਤਿਆਗੀ, ਜਨਰਲ ਸਕੱਤਰ ਜੋਗਿੰਦਰ ਕੌਰ ਬੈਂਸ, ਮੀਤ ਪ੍ਰਧਾਨ ਹਰਸੇਵ ਸਿੰਘ ਬੈਂਸ, ਬਲੈਕ ਸਿਸਟਰਜ਼ ਵੱਲੋਂ ਪ੍ਰਗਨਾ ਪਟੇਲ, ਸੀਟੂ ਵੱਲੋਂ ਲਕਸ਼ਮਾਇਆ, ਗਲਾਸਗੋ ਇਕਾਈ ਵੱਲੋਂ ਪਰਮਜੀਤ ਬੈਂਸ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਖਿਲਾਫ਼ਤ ਕਰ ਰਹੇ ਨੌਜਵਾਨ ਵਿਦਿਆਰਥੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਅਸੀਂ ਆਪਣਾ ਫ਼ਰਜ਼ ਸਮਝਦੇ ਹਾਂ। ਸਰਕਾਰ ਵੱਲੋਂ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਪਰ ਜ਼ਬਰ ਢਾਹੁਣਾ ਲੋਕਤੰਤਰ ਦੇ ਮੱਥੇ 'ਤੇ ਕਲੰਕ ਵਾਂਗ ਹੈ।


Vandana

Content Editor

Related News