ਸਕਾਟਲੈਂਡ ''ਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਸਮੁੱਚੇ ਇੰਗਲੈਂਡ ਨਾਲੋਂ ਦੁੱਗਣੀ

02/07/2020 5:25:58 PM

PunjabKesariਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਭਰ ਵਿੱਚ ਸ਼ਾਸਨ ਤੇ ਪ੍ਰਬੰਧ ਪੱਖੋਂ ਵਿਸ਼ੇਸ਼ ਸਥਾਨ ਰੱਖਣ ਵਾਲੇ ਇੰਗਲੈਂਡ ਦੇ ਮੱਥੇ 'ਤੇ ਤਰ੍ਹਾਂ ਤਰ੍ਹਾਂ ਦੇ ਮਸਲੇ ਦਾਗ ਬਣਕੇ ਉੱਕਰਦੇ ਜਾ ਰਹੇ ਹਨ। ਇਹਨਾਂ ਵਿੱਚੋਂ ਬੇਹੱਦ ਅਹਿਮ ਹੈ ਬੇਘਰੇ ਲੋਕਾਂ ਦੀ ਦਿਨ-ਬ-ਦਿਨ ਵੱਧਦੀ ਗਿਣਤੀ ਅਤੇ ਖੁੱਲ੍ਹੇ ਆਸਮਾਨ ਹੇਠ ਸੌਣ ਵਾਲਿਆਂ ਦੀਆਂ ਮੌਤਾਂ। ਸਕਾਟਲੈਂਡ ਦੇ ਰਾਸ਼ਟਰੀ ਰਿਕਾਰਡ ਦੁਆਰਾ ਛਾਪੇ ਅੰਕੜੇ ਭਿਆਨਕਤਾ ਨੂੰ ਨਸ਼ਰ ਕਰਦੇ ਨਜ਼ਰ ਆ ਰਹੇ ਹਨ। ਜਿਸ ਮੁਤਾਬਕ 2018 ਵਿੱਚ ਸਕਾਟਲੈਂਡ ਵਿਚ ਮਰਨ ਵਾਲੇ ਬੇਘਰੇ ਲੋਕਾਂ ਦੀ ਗਿਣਤੀ 20 ਫੀਸਦੀ ਵਧੀ ਹੈ। 

ਅੰਦਾਜ਼ਾ ਹੈ ਕਿ ਸਾਲ ਦੌਰਾਨ 195 ਮੌਤਾਂ ਹੋਈਆਂ - ਜੋ ਕਿ 2017 ਵਿੱਚ 164 ਸਨ। ਖੁੱਲ੍ਹੇ ਆਸਮਾਨ ਹੇਠ ਸੌਣ ਵਾਲਿਆਂ ਦੀ ਸਕਾਟਲੈਂਡ ਵਿਚ ਮੌਤ ਦਰ ਇੰਗਲੈਂਡ ਜਾਂ ਵੇਲਜ਼ ਨਾਲੋਂ ਦੁੱਗਣੀ ਹੈ। ਅੰਕੜਿਆਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿਚ 2018 ਵਿੱਚ ਹੋਈਆਂ ਮੌਤਾਂ ਦੀ ਦਰ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨਾਲੋਂ ਸਭ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿਚ ਪ੍ਰਤੀ ਮਿਲੀਅਨ ਆਬਾਦੀ ਦੇ ਹਿਸਾਬ ਨਾਲ 16.8 ਫੀਸਦੀ ਅਤੇ ਵੇਲਜ਼ ਵਿਚ 14.5 ਫੀਸਦੀ ਮੌਤਾਂ ਹੋਈਆਂ ਹਨ ਜਦੋਂਕਿ ਸਕਾਟਲੈਂਡ ਲਗਭਗ ਦੁੱਗਣੇ ਵਾਧੇ ਨਾਲ ਮੌਤ ਦਰ ਦੇ ਮਾਮਲੇ ਵਿੱਚ 35.9 ਫੀਸਦੀ ਤੱਕ ਅੱਪੜ ਗਿਆ ਹੈ। 

 

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2018 ਵਿੱਚ ਬੇਘਰੇ ਲੋਕਾਂ ਦੀਆਂ ਹੋਈਆਂ ਮੌਤਾਂ ਵਿੱਚੋਂ ਅੱਧੀਆਂ (53%) ਨਸ਼ਿਆਂ ਨਾਲ ਸਬੰਧਤ ਸਨ। ਇਹਨਾਂ ਮਰਨ ਵਾਲਿਆਂ ਵਿੱਚ ਤਕਰੀਬਨ ਤਿੰਨ ਚੌਥਾਈ ਮਰਦ ਸਨ। ਇਹ ਗਿਣਤੀ 2017 ਵਿਚ ਕੁੱਲ ਦਾ 74 ਫੀਸਦੀ ਅਤੇ 2018 ਵਿਚ 79 ਫੀਸਦੀ ਸੀ। ਮਰਨ ਵਾਲਿਆਂ ਦੀ ਔਸਤ ਉਮਰ ਔਰਤਾਂ ਵਿੱਚ 43 ਸਾਲ ਅਤੇ ਮਰਦਾਂ ਵਿੱਚ 44 ਸਾਲ ਨੋਟ ਕੀਤੀ ਗਈ ਸੀ। ਰਿਪੋਰਟ ਦੱਸਦੀ ਹੈ ਕਿ ਗਲਾਸਗੋ, ਐਡਿਨਬਰਾ, ਐਬਰਡੀਨ ਅਤੇ ਡੰਡੀ ਸ਼ਹਿਰਾ ਵਿੱਚ 2018 ਦੌਰਾਨ ਮੌਤਾਂ ਦੀ ਦਰ ਔਸਤ ਨਾਲੋਂ ਵੀ ਉੱਚੀ ਸੀ। ਗਲਾਸਗੋ ਵਿਖੇ ਐਡਿਨਬਰਾ ਵਿਖੇ ਪ੍ਰਤੀ ਮਿਲੀਅਨ ਆਬਾਦੀ ਇਹ ਦਰ ਕ੍ਰਮਵਾਰ 100.5 ਫੀਸਦੀ ਅਤੇ 67.8 ਫੀਸਦੀ ਦਰਜ਼ ਕੀਤੀ ਗਈ ਹੈ। 

ਸਥਾਨਕ 32 ਕੌਂਸਲਾਂ ਵਿੱਚੋਂ ਸਿਰਫ ਐਂਗਸ, ਈਸਟ ਰੇਨਫਰਿਊਸ਼ਾਇਰ, ਮੋਰੇ ਅਤੇ ਸਕਾਟਿਸ਼ ਬਾਰਡਰ ਵਿੱਚ ਬੇਘਰੇ ਹੋਣ ਕਾਰਨ ਕੋਈ ਵੀ ਮੌਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਸਕਾਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਗਲਾਸਗੋ ਇਹਨਾਂ ਮੌਤਾਂ ਦੇ ਮਾਮਲੇ 'ਚ ਛੇ ਗੁਣਾ ਵਧੇਰੇ ਮੌਤਾਂ ਹੋਣ ਕਰਕੇ ਚਰਚਾ ਵਿੱਚ ਹੈ। ਬੇਸ਼ੱਕ ਇਹਨਾਂ ਮੌਤਾਂ ਦੇ ਪਿੱਠਵਰਤੀ ਕਾਰਨ ਪ੍ਰਬੰਧ ਦੀ ਕੁਚੱਜਤਾ ਵੀ ਮੰਨਿਆ ਜਾਦਾ ਹੈ ਪਰ ਖੁੱਲ੍ਹੇ ਆਸਮਾਨ ਹੇਠ ਸੌਣ ਦੀ ਮਜ਼ਬੂਰੀ ਪਿੱਛੇ ਮਾਨਸਿਕ ਸਿਹਤ ਦਾ ਅਸਾਵਾਂਪਣ, ਨਸ਼ਾਖੋਰੀ ਅਤੇ ਪਰਿਵਾਰਕ ਕਲੇਸ਼ ਵੀ ਮੰਨੇ ਜਾਂਦੇ ਹਨ। ਇਹਨਾਂ ਹਾਲਾਤਾਂ ਵਿੱਚੋਂ ਹੀ ਭੀਖ ਮੰਗਣ ਵਰਗੀ ਅਲਾਮਤ ਪੈਦਾ ਹੁੰਦੀ ਹੈ। 

ਜਦੋਂ ਨਸ਼ਾ ਪੂਰਤੀ ਲਈ ਜੇਬ ਖਾਲੀ ਹੁੰਦੀ ਹੈ ਤੇ ਸਿਰ ਉੱਪਰ ਛੱਤ ਨਹੀਂ ਹੁੰਦੀ ਤਾਂ ਮੰਗ ਕੇ ਨਸ਼ਾ ਪੀਣ, ਬੇਸੁਰਤ ਹੋ ਕੇ ਸੌਂ ਜਾਣਾ ਹੀ ਮੁੱਢਲੀ ਲੋੜ ਹੋ ਨਿੱਬੜਦੀ ਹੈ। ਗਲੀਆਂ ਵਿੱਚ ਸੁੱਤਿਆਂ ਨੂੰ ਰਾਹਗੀਰਾਂ ਦੇ ਠੁੱਡਿਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੀਆਂ ਹਾਲਤਾਂ ਵਿੱਚ ਲੱਗੀਆਂ ਸੱਟਾਂ ਅਤੇ ਬੇਇਲਾਜ਼ ਰਹਿਣ-ਸਹਿਣ ਵੀ ਮੌਤ ਵੱਲ ਨੂੰ ਲੈ ਤੁਰਦਾ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋਵੇਗਾ ਕਿ 1990 'ਚ ਬੋਸਨੀਆ, ਉੱਤਰੀ ਆਇਰਲੈਂਡ ਤੇ ਇਰਾਕ ਵਿੱਚ ਰੌਇਲ ਟੈਂਕ ਰੈਜੀਮੈਂਟ ਵਿੱਚ ਸੇਵਾਵਾਂ ਨਿਭਾਉਣ ਵਾਲਾ ਡੈਰੇਨ ਵੀ ਖੁੱਲ੍ਹੇ ਆਸਮਾਨ ਹੇਠ ਸੌਣ ਅਤੇ ਗੁਜ਼ਾਰੇ ਲਈ ਮੰਗਦਾ ਹੋਇਆ 17 ਦਸੰਬਰ 2017 ਨੂੰ ਮਰ ਗਿਆ ਸੀ।


Vandana

Content Editor

Related News