ਇੰਗਲੈਂਡ ''ਚ ਅੰਤਿਮ ਸੰਸਕਾਰ ਸਮੇਂ 30 ਵਿਅਕਤੀਆਂ ਦੀ ਸੀਮਾ ਇਸ ਮਹੀਨੇ ਹਟਾਈ ਜਾਵੇਗੀ
Monday, May 03, 2021 - 02:06 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿਚ ਕੋਰੋਨਾ ਵਾਇਰਸ ਤਾਲਾਬੰਦੀ ਵਿਚ ਦਿੱਤੀ ਜਾਣ ਵਾਲੀ ਢਿੱਲ ਦੀ ਲੜੀ ਤਹਿਤ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਤੇ 30 ਵਿਅਕਤੀਆਂ ਦੀ ਸੀਮਾ ਇਸ ਮਹੀਨੇ ਹਟਾਈ ਜਾਵੇਗੀ ਅਤੇ ਡੋਮਿਨਿਕ ਰਾਬ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ 21 ਜੂਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਹਾਊਸਿੰਗ, ਕਮਿਊਨਿਟੀਜ਼ ਅਤੇ ਸਥਾਨਕ ਸਰਕਾਰ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਉਮੀਦ ਅਨੁਸਾਰ 17 ਮਈ ਨੂੰ ਹੋਣ ਵਾਲੇ ਲਾਕਡਾਊਨ ਦੇ ਅਗਲੇ ਪੜਾਅ ਦੇ ਹਿੱਸੇ ਵਜੋਂ ਕਾਨੂੰਨੀ ਤੌਰ 'ਤੇ ਲਾਗੂ ਕੀਤੀ ਸੀਮਾ ਨੂੰ ਹਟਾ ਦਿੱਤਾ ਜਾਵੇਗਾ। ਹਾਲਾਂਕਿ ਇਹ ਸਮਰੱਥਾ ਫਿਰ ਨਿਰਧਾਰਤ ਕੀਤੀ ਜਾਵੇਗੀ ਕਿ ਸਮਾਜਿਕ ਦੂਰੀ ਨੂੰ ਬਣਾਈ ਰੱਖਦੇ ਹੋਏ ਕਿੰਨੇ ਲੋਕ ਸਥਾਨਾਂ ਜਿਵੇਂ ਕਿ ਪੂਜਾ ਸਥਾਨ ਜਾਂ ਸੰਸਕਾਰ ਘਰਾਂ ਵਿਚ ਸੁਰੱਖਿਅਤ ਢੰਗ ਨਾਲ ਜਾ ਸਕਦੇ ਹਨ। ਇਸ ਵਿਚ ਅੰਦਰੂਨੀ ਅਤੇ ਬਾਹਰੀ ਸਥਾਨ ਸ਼ਾਮਲ ਹਨ ਅਤੇ ਸਾਰੇ ਪ੍ਰਬੰਧਕਾਂ ਨੂੰ ਕੋਵਿਡ ਤੋਂ ਸੁਰੱਖਿਆ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਵਿਭਾਗ ਅਨੁਸਾਰ ਦੂਸਰੇ ਯਾਦਗਾਰੀ ਸਮਾਗਮਾਂ ਜਿਵੇਂ ਕਿ ਵਿਆਹ ਆਦਿ ਦੇ ਪੜਾਅ 3 ਵਿਚ ਅਜੇ ਵੀ 30 ਵਿਅਕਤੀਆਂ ਦੇ ਸੀਮਤ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਪਰਾਹੁਣਚਾਰੀ ਸਥਾਨ, ਮਨੋਰੰਜਨ ਸਥਾਨ ਜਿਵੇਂ ਕਿ ਸਿਨੇਮਾ ਅਤੇ ਸਾਫਟ ਪਲੇ ਖੇਤਰ, ਬਾਕੀ ਰਿਹਾਇਸ਼ ਸੈਕਟਰ ਅਤੇ ਇਨਡੋਰ ਬਾਲਗ ਸਮੂਹ ਦੀਆਂ ਖੇਡਾਂ ਅਤੇ ਕਸਰਤ ਦੀਆਂ ਕਲਾਸਾਂ ਵੀ ਦੁਬਾਰਾ ਖੁੱਲ੍ਹਣਗੀਆਂ। ਖੇਡ ਸਮਾਗਮਾਂ ਵਿੱਚ ਸੀਮਤ ਭੀੜ ਦੀ ਆਗਿਆ ਹੋਵੇਗੀ ਅਤੇ ਇੰਗਲੈਂਡ ਵਿੱਚ ਰਹਿੰਦੇ ਲੋਕਾਂ ਲਈ ਵਿਦੇਸ਼ੀ ਛੁੱਟੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸਦੇ ਇਲਾਵਾ 21 ਜੂਨ ਤੋਂ ਸਮਾਜਿਕ ਸੰਪਰਕ ਤੇ ਬਾਕੀ ਸਾਰੀਆਂ ਪਾਬੰਦੀਆਂ ਹਟਾ ਲਈਆਂ ਜਾ ਸਕਦੀਆਂ ਹਨ, ਜਿਸ ਨਾਲ ਵੱਡੇ ਪ੍ਰੋਗਰਾਮਾਂ ਨੂੰ ਅੱਗੇ ਵਧਣ ਦਿੱਤਾ ਜਾ ਸਕਦਾ ਹੈ।