32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
Monday, Apr 22, 2019 - 02:48 AM (IST)

ਮੈਲਬੋਰਨ (ਰਮਨਦੀਪ ਸਿੰਘ ਸੋਢੀ, ਮਨਦੀਪ ਸਿੰਘ ਸੈਣੀ, ਸੁਰਿੰਦਰਪਾਲ ਸਿੰਘ ਖੁਰਦ)– ਮੈਲਬੋਰਨ ਸ਼ਹਿਰ ਦੇ ਕੇਸੀ ਸਟੇਡੀਅਮ ਵਿਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀਆਂ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ। ਵੱਖ-ਵੱਖ ਦੇਸ਼ਾਂ ਅਤੇ ਆਸਟਰੇਲੀਆ ਸ਼ਹਿਰਾਂ ਤੋਂ ਆਏ 3500 ਤੋਂ ਵੱਧ ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਬੱਡੀ ਦਾ ਫਾਈਨਲ ਮੁਕਾਬਲਾ ਬਹੁਤ ਦਿਲਚਸਪ ਰਿਹਾ, ਜਿਸ ’ਚ ਮੈਲਬੋਰਨ ਕਬੱਡੀ ਅਕਾਦਮੀ ਨੂੰ ਹਰਾ ਕੇ ਬਾਬਾ ਦੀਪ ਸਿੰਘ ਕਲੱਬ ਵੁਲਗੂਲਗਾ ਨੇ ਬਾਜ਼ੀ ਮਾਰੀ। ਖਿਡਾਰੀਆਂ ਦੀਆਂ ਰੇਡਾਂ ’ਤੇ ਕਬੱਡੀ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਸਰਵੋਤਮ ਰੇਡਰ ਗੁਰਲਾਲ ਤੇ ਸਰਵੋਤਮ ਜਾਫੀ ਘੁੱਦਾ ਚੁਣਿਆ ਗਿਆ।
ਦਸ ਹਜ਼ਾਰ ਡਾਲਰ ਵਿਚ ਵਿੱਕੀ ਪੰਜਾਬੀ ‘ਫੱਟੀ’ ਹੋਈ ਖਾਲਸਾ ਏਡ ਦੇ ਨਾਂ
ਅਮਰੀਕਾ ਤੋਂ ਆਏ ਕਲਾਕਾਰ ਹਰਮਿੰਦਰ ਸਿੰਘ ਬੋਪਾਰਾਏ ਵਲੋਂ ਤਿਆਰ ਕੀਤੀ ਗਈ ਸਟੀਲ ਦੀ ਫੱਟੀ ਦੀ ਅੱਜ ਖੇਡ ਮੈਦਾਨ ’ਚ ਖੁੱਲ੍ਹੀ ਬੋਲੀ ਕਰਵਾਈ ਗਈ, ਜੋ ਕਿ ਦਸ ਹਜ਼ਾਰ ਡਾਲਰ ਵਿਚ ਸਿਡਨੀ ਨਿਵਾਸੀ ਲਾਭ ਸਿੰਘ ਕੂੰਨਰ ਵਲੋਂ ਖਰੀਦੀ ਗਈ ਪਰ ਹਰਮਿੰਦਰ ਸਿੰਘ ਨੇ ਦਰਿਆਦਿਲੀ ਦਿਖਾਉਂਦਿਆ ਦਸ ਹਜ਼ਾਰ ਡਾਲਰ ‘ਖਾਲਸਾ ਏਡ’ ਨੂੰ ਦਾਨ ਵਜੋਂ ਦੇ ਦਿੱਤੇ।
ਤਿੰਨ ਦਿਨ ਚੱਲੇ ਇਸ ਖੇਡ ਮਹਾਕੁੰਭ ਵਿਚ 1 ਲੱਖ ਤੋਂ ਵੀ ਵੱਧ ਲੋਕਾਂ ਨੇ ਹਾਜ਼ਰੀ ਭਰੀ। ਮੈਲਬੋਰਨ ਦੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ, ਗੁਰਦੁਆਰਾ ਕੀਜਬਰੋ, ਬਲੈਕਬਰਨ ਆਦਿ ਗੁਰੂ ਘਰਾਂ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮੈਲਬੋਰਨ ਦੇ ਬੇਦੀ ਪਰਿਵਾਰ ਵਲੋਂ ਇਕ ਲੱਖ ਡਾਲਰ ਤੋਂ ਵੀ ਵੱਧ ਦੀ ਸੇਵਾ ਗੁਰੂ ਦੇ ਲੰਗਰਾਂ ਲਈ ਕੀਤੀ ਗਈ।
ਪ੍ਰਾਪਤ ਖੇਡ ਨਤੀਜਿਆਂ ਮੁਤਾਬਕ ਬਾਸਕਟਬਾਲ ਵਿਚ ਸਿੱਖ ਯੂਨਾਈਟਿਡ ਮੈਲਬੋਰਨ ਨੇ ਵੈਸਟਰਨ ਸਿਡਨੀ ਨੂੰ ਹਰਾ ਕੇ ਜੇਤੂ ਖਿਤਾਬ ਆਪਣੇ ਨਾਂ ਕੀਤਾ। ਨੈੱਟਬਾਲ ਵਿਚ ਸਿਡਨੀ ਰੈੱਡ ਜੂਨੀਅਰ, ਕ੍ਰਿਕਟ ਵਿਚ ਪੰਜਾਬੀ ਵੈਰੀਅਰਜ਼ ਬ੍ਰਿਸਬੇਨ, ਵਾਲੀਬਾਲ ਡਵੀਜ਼ਨ-1 ਵਿਚ ਕਲਗੀਧਰ ਲਾਇਨਜ਼ ਨਿਊਜ਼ੀਲੈਂਡ ਨੇ ਸੁਪਰ ਸਿੱਖਜ਼ ਸਿਡਨੀ ਨੂੰ ਹਰਾ ਕੇ ਖਿਤਾਬ ਜਿੱਤਿਆ। ਪਿਛਲੇ ਇਕ ਮਹੀਨੇ ਤੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਗੁਰਮਤਿ ਸਮਾਗਮਾਂ ਵਿਚ ਕੀਰਤਨ ਦੀ ਸੇਵਾ ਨਿਭਾ ਰਹੇ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਦਸ ਹਜ਼ਾਰ ਡਾਲਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਗਲੇ ਸਾਲ ਪਰਥ ਸ਼ਹਿਰ ’ਚ ਮਿਲਣ ਦੇ ਵਾਅਦੇ ਨਾਲ ਇਹ ਖੇਡ ਮੇਲਾ ਯਾਦਗਾਰੀ ਰੂਪ ਵਿਚ ਸੰਪੰਨ ਹੋ ਗਿਆ।
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
