ਐਲਨ ਮਸਕ ਨੇ X ਨੂੰ ਆਪਣੀ ਕੰਪਨੀ XAI ਨੂੰ 33 ਬਿਲੀਅਨ ਡਾਲਰ ’ਚ ਵੇਚਿਆ
Saturday, Mar 29, 2025 - 11:18 PM (IST)

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਅਰਬਪਤੀ ਐਲਨ ਮਸਕ ਨੇ ਆਪਣੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਨੂੰ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਕੰਪਨੀ ਐਕਸ. ਏ. ਆਈ. ਨੂੰ 33 ਅਰਬ ਡਾਲਰ ’ਚ ਵੇਚਣ ਦਾ ਐਲਾਨ ਕੀਤਾ। ਹਿੱਸੇਦਾਰੀ ਪ੍ਰਾਪਤੀ ਦੇ ਰੂਪ ’ਚ ਇਸ ਸੌਦੇ ’ਚ ਸ਼ਾਮਲ ਦੋਵੇਂ ਕੰਪਨੀਆਂ ਨਿੱਜੀ ਤੌਰ ’ਤੇ ਚਲਾਈਆਂ ਜਾਂਦੀਆਂ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸੌਦੇ ਦੇ ਵਿੱਤੀ ਪਹਿਲੂਆਂ ਦਾ ਜਨਤਕ ਤੌਰ ’ਤੇ ਖੁਲਾਸਾ ਕਰਨ ਦੀ ਲੋੜ ਨਹੀਂ ਹੈ।
ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਕਦਮ ਐਕਸ. ਏ. ਆਈ. ਦੇ ਉੱਨਤ ਏ. ਆਈ. ’ਤੇ ਆਧਾਰਤ ਹੈ। ਐਕਸ ਦੀ ਵਿਆਪਕ ਪਹੁੰਚ ਦੇ ਨਾਲ ਮਿਲ ਕੇ ਸਮਰੱਥਾ ਤੇ ਮੁਹਾਰਤ ਬੇਅੰਤ ਸੰਭਾਵਨਾਵਾਂ ਨੂੰ ਤਲਾਸ਼ਣ ’ਚ ਮਦਦ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਸੌਦੇ ’ਚ ਐਕਸ. ਏ. ਆਈ. ਦੀ ਕੀਮਤ 80 ਬਿਲੀਅਨ ਡਾਲਰ ਅਤੇ ਐਕਸ ਦੀ ਕੀਮਤ 33 ਬਿਲੀਅਨ ਡਾਲਰ ਮੰਨੀ ਗਈ ਹੈ। ਟੇਸਲਾ ਅਤੇ ਸਪੇਸਐਕਸ ਕੰਪਨੀਆਂ ਦੇ ਮੁਖੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਮਸਕ ਨੇ ਸਾਲ 2022 ’ਚ ਟਵਿੱਟਰ ਨਾਮ ਦੀ ਇਕ ਸਾਈਟ 44 ਬਿਲੀਅਨ ਡਾਲਰ ’ਚ ਖਰੀਦੀ ਸੀ। ਆਪਣੀਆਂ ਨੀਤੀਆਂ ’ਚ ਬਦਲਾਅ ਕਰਨ ਦੇ ਨਾਲ, ਉਸਨੇ ਇਸਦਾ ਨਾਮ ਵੀ ਬਦਲ ਕੇ ‘ਐਕਸ’ ਕਰ ਦਿੱਤਾ ਸੀ। ਉਸਨੇ ਇਕ ਸਾਲ ਬਾਅਦ ਐਕਸ. ਏ. ਆਈ., ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਅਧਾਰਤ ਪਲੇਟਫਾਰਮ ਵੀ ਪੇਸ਼ ਕੀਤਾ ਸੀ।