ਓਂਟਾਰੀਓ ''ਚ 25 ਜਨਵਰੀ ਤੋਂ ਬਾਅਦ ਖੁੱਲ੍ਹਣਗੇ ਐਲੀਮੈਂਟਰੀ ਸਕੂਲ
Friday, Jan 08, 2021 - 12:53 PM (IST)
ਓਟਾਵਾ- ਓਂਟਾਰੀਓ ਸੂਬੇ ਦੇ ਸਾਰੇ ਐਲੀਮੈਂਟਰੀ ਸਕੂਲਾਂ ਵਿਚ 25 ਜਨਵਰੀ ਤੋਂ ਬਾਅਦ ਹੀ ਕਲਾਸਾਂ ਵਿਚ ਬੈਠ ਕੇ ਵਿਦਿਆਰਥੀ ਪੜ੍ਹਾਈ ਕਰ ਸਕਣਗੇ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ 11 ਜਨਵਰੀ ਤੋਂ ਵਿਦਿਆਰਥੀ ਕਲਾਸਾਂ ਵਿਚ ਬੈਠਣਗੇ ਪਰ ਕੋਰੋਨਾ ਦੇ ਨਵੇਂ ਮਾਮਲਿਆਂ ਸਬੰਧੀ ਮਿਲੀ ਜਾਣਕਾਰੀ ਤੋਂ ਬਾਅਦ ਫ਼ੈਸਲਾ ਬਦਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਰਵੇਖਣਾਂ ਵਿਚ ਦੱਸਿਆ ਗਿਆ ਸੀ ਕਿ ਵਧੇਰੇ ਵਿਦਿਆਰਥੀ 25 ਜਨਵਰੀ ਤੋਂ ਪਹਿਲਾਂ ਸਕੂਲ ਆਉਣ ਲਈ ਰਾਜ਼ੀ ਨਹੀਂ ਸਨ।
ਦੱਸ ਦਈਏ ਕਿ ਸਿੱਖਿਆ ਮੰਤਰੀ ਸਟੀਫਨ ਲੇਸ ਨੇ ਮਾਪਿਆਂ ਨੂੰ ਕੁਝ ਦਿਨ ਪਹਿਲਾਂ ਇਕ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਸੀ ਕਿ ਵਿਦਿਆਰਥੀਆਂ ਨੂੰ 11 ਜਨਵਰੀ ਤੋਂ ਕਲਾਸਾਂ ਲਾਉਣੀਆਂ ਹੀ ਪੈਣਗੀਆਂ। ਸੂਤਰਾਂ ਮੁਤਾਬਕ ਨਵੇਂ ਡਾਟੇ ਵਿਚ ਪਤਾ ਲੱਗਾ ਹੈ ਕਿ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪਿਛਲੇ ਮਹੀਨੇ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ ਹਨ। 4 ਤੋਂ 11 ਸਾਲ ਦੇ ਬੱਚਿਆਂ ਵਿਚ 5.22 ਫ਼ੀਸਦੀ ਕੋਰੋਨਾ ਦੇ ਮਾਮਲੇ ਵਧੇ ਹਨ।
ਇਸ ਤੋਂ ਪਹਿਲਾਂ ਅਧਿਆਪਕ ਯੂਨੀਅਨ ਨੇ ਵੀ ਪੱਤਰ ਲਿਖ ਕੇ ਸਕੂਲ ਖੋਲ੍ਹਣ ਦੀ ਤਾਰੀਖ਼ ਨੂੰ ਅੱਗੇ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਵਿਦਿਆਰਥੀ ਤੇ ਸਟਾਫ਼ ਦੋਵੇਂ ਕੋਰੋਨਾ ਤੋਂ ਸੁਰੱਖਿਅਤ ਰਹਿਣ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਫੈਲਣ ਤੋਂ ਲੈ ਕੇ ਹੁਣ ਤੱਕ 7 ਹਜ਼ਾਰ ਮਾਮਲੇ ਸਕੂਲਾਂ ਨਾਲ ਸਬੰਧਤ ਪਾਏ ਗਏ ਹਨ। ਇਸ ਲਈ ਕਈ ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਵੀ ਕਰਨਾ ਪਿਆ ਤੇ ਵਿਦਿਆਰਥੀਆਂ ਦੇ ਸਟਾਫ਼ ਨੂੰ ਇਕਾਂਤਵਾਸ ਵੀ ਰਹਿਣਾ ਪਿਆ।