ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ

Monday, Jan 24, 2022 - 11:15 AM (IST)

ਸ਼ਿਕਾਗੋ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਸ਼ਿਕਾਗੋ ਵਿਚ ਆਪਣੀ ਮਾਂ ਨਾਲ ਜਾ ਰਹੀ 8 ਸਾਲਾ ਬੱਚੀ ਦੇ ਸਿਰ ਵਿਚ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਮਲਾਵਰ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਰਿਹਾ ਸੀ। ਕੁੱਕ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ ਪੀੜਤਾ ਦੀ ਪਛਾਣ ਸ਼ਿਕਾਗੋ ਦੀ ਮੇਲਿਸਾ ਓਰਟੇਗਾ ਵਜੋਂ ਹੋਈ ਹੈ। ‘ਸ਼ਿਕਾਗੋ ਸਨ-ਟਾਈਮਜ਼’ ਅਨੁਸਾਰ, ਇਕ ਪੁਲਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੇਲਿਸਾ ਸ਼ਨੀਵਾਰ ਦੁਪਹਿਰ ਨੂੰ ਆਪਣੀ ਮਾਂ ਨਾਲ ਸੜਕ ’ਤੇ ਸੈਰ ਕਰ ਰਹੀ ਸੀ, ਜਦੋਂ ਹਮਲਾਵਰ ਨੇ ਨਜ਼ਦੀਕੀ ਦੁਕਾਨ ਤੋਂ ਬਾਹਰ ਨਿਕਲ ਰਹੇ 26 ਸਾਲਾ ਵਿਅਕਤੀ ’ਤੇ ਗੋਲੀ ਚਲਾ ਦਿੱਤੀ ਅਤੇ ਗਲਤੀ ਨਾਲ ਕੁੜੀ ਦੇ ਸਿਰ ’ਤੇ ਗੋਲੀ ਲੱਗ ਗਈ। ਇਹ 26 ਸਾਲਾ ਵਿਅਕਤੀ ਕਥਿਤ ਤੌਰ ’ਤੇ ਕਿਸੇ ਗਿਰੋਹ ਦਾ ਮੈਂਬਰ ਹੈ।

ਇਹ ਵੀ ਪੜ੍ਹੋ: ਬੈਲਜੀਅਮ ’ਚ ਕੋਰੋਨਾ ਪਾਬੰਦੀਆਂ ਖ਼ਿਲਾਫ਼ ਸੜਕਾਂ ’ਤੇ ਉਤਰੇ 50,000 ਪ੍ਰਦਰਸ਼ਨਕਾਰੀ, 70 ਗ੍ਰਿਫ਼ਤਾਰ

ਖ਼ਬਰ ਮੁਤਾਬਕ ਬੱਚੀ ਨੂੰ ਸ਼ਨੀਵਾਰ ਨੂੰ ਇਕ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਉਥੇ ਹੀ, ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਸ ਦੀ ਪਿੱਠ ’ਤੇ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿਚ ਦਾਖ਼ਲ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਉਸ ਦੀ ਹਾਲਤ ਬਾਰੇ ਕੋਈ ਤਾਜ਼ਾ ਜਾਣਕਾਰੀ ਨਹੀਂ ਦਿੱਤੀ। ਪੁਲਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਕਿਹਾ ਕਿ ਵਿਭਾਗ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗਾ, ਜਦੋਂ ਤੱਕ ‘ਅਪਰਾਧੀਆਂ’ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਲਿਆਂਦਾ ਜਾਂਦਾ। ਬ੍ਰਾਊਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਅੱਠ ਸਾਲਾ ਮੇਲਿਸਾ ਦੀ ਦਰਦਨਾਕ ਹੱਤਿਆ ਨੇ ਸਾਡੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਸੇ ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਹਨ। ਪਰਿਵਾਰ ਦਾ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’ ਜ਼ਿਕਰਯੋਗ ਹੈ ਕਿ ਸ਼ਿਕਾਗੋ ਵਿਚ ਕਤਲ ਦੀਆਂ ਘਟਨਾਵਾਂ ਕਾਫ਼ੀ ਵੱਧ ਗਈਆਂ ਹਨ। ਪਿਛਲੇ ਸਾਲ ਇੱਥੇ ਕਤਲ ਦੀਆਂ ਲੱਗਭਗ 800 ਘਟਨਾਵਾਂ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ: ਬਰੈਂਪਟਨ ’ਚ ਇਕ ਘਰ ’ਚ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News