ਦੋ ਵੱਖ-ਵੱਖ ਅਪਰੇਸ਼ਨਾਂ ''ਚ ਅੱਠ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦੇ 2 ਮੁਲਾਜ਼ਮ ਵੀ ਹਲਾਕ
Sunday, Dec 01, 2024 - 10:20 PM (IST)
ਪੇਸ਼ਾਵਰ (ਭਾਸ਼ਾ) : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਦੋ ਵੱਖ-ਵੱਖ ਅਪਰੇਸ਼ਨਾਂ ਵਿਚ ਅੱਠ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਇਨ੍ਹਾਂ ਆਪਰੇਸ਼ਨਾਂ 'ਚ ਇਕ ਅਧਿਕਾਰੀ ਸਮੇਤ ਦੋ ਸੁਰੱਖਿਆ ਕਰਮੀਆਂ ਦੀ ਵੀ ਮੌਤ ਹੋ ਗਈ। ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਵੱਲੋਂ ਐਤਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ।
ਬਿਆਨ 'ਚ ਕਿਹਾ ਗਿਆ ਹੈ ਕਿ ਬੰਨੂ ਜ਼ਿਲ੍ਹੇ ਦੇ ਬਕਾ ਖੇਲ ਖੇਤਰ 'ਚ ਸ਼ੁੱਕਰਵਾਰ ਨੂੰ ਖੁਫੀਆ ਕਾਰਵਾਈ 'ਚ ਸੁਰੱਖਿਆ ਕਰਮਚਾਰੀਆਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 5 ਅੱਤਵਾਦੀ ਮਾਰੇ ਗਏ ਅਤੇ 9 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ 'ਚ ਸੁਰੱਖਿਆ ਬਲਾਂ ਦੇ ਇਕ ਜਵਾਨ ਦੀ ਵੀ ਜਾਨ ਚਲੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਖੈਬਰ ਜ਼ਿਲ੍ਹੇ ਦੇ ਸ਼ਘਾਈ 'ਚ ਕੀਤੀ ਗਈ ਇਕ ਹੋਰ ਕਾਰਵਾਈ 'ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮੁਕਾਬਲੇ ਦੌਰਾਨ ਇੱਕ ਕੈਪਟਨ ਰੈਂਕ ਦੇ ਅਧਿਕਾਰੀ ਦੀ ਵੀ ਮੌਤ ਹੋ ਗਈ।
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਅੱਤਵਾਦੀ ਸੁਰੱਖਿਆ ਬਲਾਂ ਦੇ ਨਾਲ-ਨਾਲ ਆਮ ਨਾਗਰਿਕਾਂ 'ਤੇ ਹਮਲਿਆਂ 'ਚ ਸ਼ਾਮਲ ਸਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਆਪਰੇਸ਼ਨ ਦੌਰਾਨ ਅਧਿਕਾਰੀ ਅਤੇ ਸਿਪਾਹੀ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ।