ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ
Saturday, May 15, 2021 - 08:12 PM (IST)
ਇੰਟਰਨੈਸ਼ਨਲ ਡੈਸਕ-ਜਿਸ ਤਰ੍ਹਾਂ ਮਿਸਰ ਦੀ ਆਬਾਦੀ ਵਧ ਰਹੀ ਹੈ, ਅਨੁਮਾਨ ਲਾਇਆ ਜਾ ਰਿਹਾ ਹੈ ਕਿ 2050 ਤੱਕ ਇਥੇ ਦੀ ਇਤਿਹਾਸਕ ਰਾਜਧਾਨੀ ਕਾਹਿਰਾ ਦੀ ਆਬਾਦੀ 4 ਕਰੋੜ ਦੇ ਪਾਰ ਚੱਲੀ ਜਾਵੇਗੀ। ਉਸ ਸਮੇਂ ਇਥੇ ਸਰੋਤਾਂ ਅਤੇ ਆਬਾਦੀ ਦਰਮਿਆਨ ਬਹੁਤ ਵੱਡਾ ਅੰਤਰ ਹੋ ਜਾਵੇਗਾ। ਭਵਿੱਖ 'ਚ ਬਣਨ ਵਾਲੇ ਇਸ ਹਾਲਾਤ ਨਾਲ ਨਜਿੱਠਣ ਲਈ ਮਿਸਰ ਸਰਕਾਰ ਨੇ ਮਹੱਤਵਪੂਰਨ ਕਦਮ ਚੁੱਕਿਆ ਹੈ। ਦਰਅਸਲ, ਇਸ ਦੇਸ਼ ਦੀ ਸਰਕਾਰ ਮੌਜੂਦਾ ਰਾਜਧਾਨੀ ਕਾਹਿਰ ਤੋਂ 45 ਕਿਲੋਮੀਟਰ ਦੀ ਦੂਰੀ 'ਤੇ ਰੇਗੀਸਤਾਨ 'ਚ 700 ਵਰਗ ਕਿਲੋਮੀਟਰ ਖੇਤਰ 'ਚ ਨਵੀਂ ਪ੍ਰਸ਼ਾਸ਼ਿਕ ਰਾਜਧਾਨੀ ਬਣਵਾਉਣ ਦਾ ਕੰਮ ਕਰ ਰਹੀ ਹੈ, ਜਿਥੇ 65 ਲੱਖ ਲੋਕਾਂ ਨੂੰ ਮੁੜ ਵਸਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਵਿਰੁੱਧ ਟੀਕੇ ਯਕੀਨੀ ਤੌਰ 'ਤੇ ਘੱਟ ਅਸਰਦਾਰ'
ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ ਨਵਾਂ ਸ਼ਹਿਰ
ਯੋਜਨਾ ਮੁਤਾਬਕ ਇਹ ਸ਼ਹਿਰ ਪੂਰੀ ਤਰ੍ਹਾਂ ਨਿਊਯਾਰਕ ਅਤੇ ਲੰਡਨ ਦੀ ਤਰ੍ਹਾਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ। ਸ਼ਹਿਰ ਦੇ ਬਾਹਰ 90 ਵਰਗ ਕਿਲੋਮੀਟਰ ਖੇਤਰ 'ਚ ਸੌਰ ਊਰਜਾ ਦਾ ਪਲਾਂਟ ਲਾਇਆ ਜਾਵੇਗਾ ਜੋ ਸ਼ਹਿਰ ਨੂੰ ਬਿਜਲੀ ਸਪਲਾਈ ਕਰੇਗਾ। ਸ਼ਹਿਰ ਦੇ ਚਾਰੋਂ ਪਾਸੇ ਝੀਲਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਲੈਕਟ੍ਰਿਕ ਰੇਲਵੇ ਲਿੰਕ ਅਤੇ ਇਕ ਨਵਾਂ ਇੰਟਰਨੈਸ਼ਨਲ ਏਅਰਪੋਰਟ ਵੀ ਬਣੇਗਾ। ਮਿਸਰ ਸਰਕਾਰ ਮੁਤਾਬਕ ਨਵਾਂ ਸ਼ਹਿਰ ਬਣਾਉਣ ਦਾ ਮੁੱਖ ਕਾਰਣ ਵਧਦੀ ਭੀੜ ਨੂੰ ਘੱਟ ਕਰਨਾ ਹੈ। ਇਸ ਪ੍ਰੋਜੈਕਟ 'ਚ 3.30 ਲੱਖ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਗਿਆ ਹੈ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ
2030 ਤੱਕ ਬਣ ਕੇ ਤਿਆਰ ਹੋ ਜਾਵੇਗੀ ਨਵੀਂ ਰਾਜਧਾਨੀ
ਨਵੀਂ ਰਾਜਧਾਨੀ 'ਚ ਛੋਟੇ-ਵੱਡੇ 400 ਤੋਂ ਵਧੇਰੇ ਹਸਪਤਾਲ ਅਤੇ ਇੰਨੇ ਹੀ ਸਕੂਲ-ਕਾਲਜ ਵੀ ਬਣਾਏ ਜਾਣਗੇ। ਸੈਲਾਨੀਆਂ ਨੂੰ ਉਤਸ਼ਾਹ ਦੇਣ ਲਈ 30 ਹਜ਼ਾਰ ਕਮਰਿਆਂ ਵਾਲੇ ਹੋਟਲ, ਲੰਡਨ ਦੇ ਸੈਂਟਰਲ ਪਾਰਕ ਤੋਂ ਵੱਡਾ ਪਾਰਕ ਅਤੇ ਦੁਨੀਆ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਜਾਵੇਗਾ। 14 ਹਜ਼ਾਰ ਏਕੜ 'ਚ ਸ਼ਾਪਿੰਗ ਮਾਲ, ਮਸਜਿਦ ਅਤੇ ਇਕ ਵੱਡੀ ਚਰਚ ਬਣਾਉਣ ਦੇ ਨਿਰਮਾਣ ਦੀ ਵੀ ਯੋਜਨਾ ਹੈ। ਮਿਸਰ ਪ੍ਰਸ਼ਾਸਨ ਮੁਤਾਬਕ ਇਹ ਸ਼ਹਿਰ ਸਾਲ 2030 ਤੱਕ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ-ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।