ਨਵਾਜ਼ ਸ਼ਰੀਫ ਨੂੰ ਅਗਲੇ ਮਹੀਨੇ ਲੰਡਨ ਤੋਂ ਪਾਕਿਸਤਾਨ ਲਿਆਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ : ਇਮਰਾਨ ਖ਼ਾਨ

08/14/2022 3:30:43 PM

ਲਾਹੌਰ (ਭਾਸ਼ਾ)– ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਗਲੇ ਮਹੀਨੇ ਲੰਡਨ ਤੋਂ ਪਾਕਿਸਤਾਨ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ਖ਼ਾਨ ਨੇ ਸ਼ਨੀਵਾਰ ਰਾਤ ਲਾਹੌਰ ’ਚ ਨੈਸ਼ਨਲ ਹਾਕੀ ਸਟੇਡੀਅਮ ’ਚ ਪਾਰਟੀ ਦੀ ਰੈਲੀ ਦੌਰਾਨ ਅਸਿੱਧੇ ਢੰਗ ਨਾਲ ਫੌਜ ਦਾ ਜ਼ਿਕਰ ਕਰਦਿਆਂ ਕਿਹਾ, ‘‘ਪੀ. ਐੱਮ. ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ ਨੂੰ ਅਗਲੇ ਮਹੀਨੇ ਲੰਡਨ ਤੋਂ ਵਾਪਸ ਲਿਆਉਣ ਦਾ ਰਸਤਾ ਤਿਆਰ ਕਰਨ ਦੇ ਮਕਸਦ ਨਾਲ ਇਕ ਸਾਜ਼ਿਸ਼ ਤਹਿਤ ਮੈਨੂੰ ਬਰਖ਼ਾਸਤ ਕੀਤਾ ਗਿਆ।’’

ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀ. ਐੱਮ. ਐੱਲ.-ਐੱਨ.) ਨੇ ਲਗਭਗ ਸਾਫ ਕਰ ਦਿੱਤਾ ਹੈ। ਨਵਾਜ਼ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਲਿਆਂਦਾ ਜਾਵੇਗਾ ਤੇ ਖ਼ਾਨ ਨਾਲ ਉਸ ਦਾ ਮੁਕਾਬਲਾ ਹੋਵੇਗਾ। ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾਹ ਨੇ ਹਾਲ ਹੀ ’ਚ ਹੀ ਐਲਾਨ ਕੀਤਾ ਸੀ ਕਿ ਨਵਾਜ਼ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਵਾਪਸ ਆਉਣਗੇ ਤੇ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣਗੇ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ 'ਚ ਬੱਸ 'ਤੇ ਡਿੱਗਿਆ ਟਰੱਕ, 13 ਲੋਕਾਂ ਦੀ ਮੌਤ ਤੇ 5 ਜ਼ਖਮੀ

ਉਨ੍ਹਾਂ ਕਿਹਾ, ‘‘ਪਾਰਟੀ ’ਚ ਨਵਾਜ਼ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।’’ ਖ਼ਬਰਾਂ ਮੁਤਾਬਕ ਪਾਕਿਸਤਾਨ ਦੀ ਚੋਣ ਕਮਿਸ਼ਨ ਤੈਅ ਸਮੇਂ ਤੋਂ ਇਕ ਸਾਲ ਪਹਿਲਾਂ ਅਕਤੂਬਰ ਤਕ ਆਮ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਬਰਖ਼ਾਸਤ ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ ਕਿ ਯੋਜਨਾ ਮੁਤਾਬਕ ਨਵਾਜ਼ ਨੂੰ ਸਤੰਬਰ ਦੇ ਅਖੀਰ ਤਕ ਪਾਕਿਸਤਾਨ ਲਿਆਇਆ ਜਾਵੇਗਾ।

ਨਵਾਜ਼ ਨਵੰਬਰ 2019 ਤੋਂ ਇਲਾਜ ਲਈ ਲੰਡਨ ’ਚ ਰਹਿ ਰਹੇ ਹਨ, ਜਦਕਿ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੀ ਰਾਹਤ ਦਿੱਤੀ ਸੀ। ਨਵਾਜ਼ ਲੰਡਨ ਜਾਣ ਤੋਂ ਪਹਿਲਾਂ ਅਲ-ਅਜੀਜੀਆ ਭ੍ਰਿਸ਼ਟਾਚਾਰ ਮਾਮਲੇ ’ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ 7 ਸਾਲ ਕੈਦ ਦੀ ਸਜ਼ਾ ਕੱਟ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News