ਕਾਬੁਲ ਦੇ ਸਿੱਖਿਆ ਕੇਂਦਰ ’ਚ ਹੋਏ ਧਮਾਕੇ ਦੇ ਵਿਰੋਧ ’ਚ ਅਫਗਾਨਿਸਤਾਨ ਦੀਆਂ ਜਨਾਨੀਆਂ ਨੇ ਕੀਤਾ ਪ੍ਰਦਰਸ਼ਨ
Tuesday, Oct 04, 2022 - 02:50 PM (IST)
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸਿੱਖਿਆ ਕੇਂਦਰ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ 53 ਵਿਦਿਆਰਥੀਆਂ ਦੀ ਮੌਤ ਦੇ ਵਿਰੋਧ ਵਿੱਚ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਵਿੱਚ ਮਹਿਲਾ ਵਿਦਿਆਰਥੀਆਂ ਨੇ ਰੈਲੀਆਂ ਕੱਢੀਆਂ ਅਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੇਰਾਤ ਯੂਨੀਵਰਸਿਟੀ ਤੋਂ ਸੂਬਾਈ ਗਵਰਨਰ ਦੇ ਦਫ਼ਤਰ ਤੱਕ ਮਾਰਚ ਕੀਤਾ ਅਤੇ ‘ਨਸਲਕੁਸ਼ੀ ਬੰਦ ਕਰੋ’ ਅਤੇ ‘ਸਿੱਖਿਆ ਸਾਡਾ ਹੱਕ ਹੈ’ ਦੇ ਨਾਅਰੇ ਲਾਏ। ਇਸ ਦੌਰਾਨ ਤਾਲਿਬਾਨੀਆਂ ਨੇ ਜਨਾਨੀਆਂ ਨੂੰ ਰੋਕ ਦੇ ਹੋਏ ਗਵਰਨਰ ਦੇ ਦਫ਼ਤਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਸ਼ਨੀਵਾਰ ਨੂੰ, ਕਾਬੁਲ ਦੇ ਧਮਾਕੇ ਵਿੱਚ ਬਚਣ ਵਾਲਿਆਂ ਕੁੜੀਆਂ ਸਣੇ ਕਈ ਹੋਰ ਲੋਕਾਂ ਨੇ ਅਜਿਹਾ ਪ੍ਰਦਰਸ਼ਨ ਕੀਤਾ।
ਸੰਯੁਕਤ ਰਾਸ਼ਟਰ ਮੁਤਾਬਕ ਹਮਲੇ 'ਚ 45 ਵਿਦਿਆਰਥਣਾਂ ਸਮੇਤ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ 82 ਜ਼ਖ਼ਮੀ ਹੋ ਗਏ। ਪੀੜਤਾਂ ਵਿੱਚ ਜ਼ਿਆਦਾਤਰ ਸ਼ੀਆ ਹਜ਼ਾਰਾ ਭਾਈਚਾਰੇ ਦੀਆਂ ਜਨਾਨੀਆਂ ਸਨ। ਪੁਲਸ ਦੀ ਹਿਰਾਸਤ ਵਿਚ ਇਕ ਜਨਾਨੀ ਦੀ ਮੌਤ ’ਤੇ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰ ਰਹੀਆਂ ਜਨਾਨੀਆਂ ਦੀ ਰੈਲੀ ’ਚ ਗੋਲੀਬਾਰੀ ਕੀਤੀ ਗਈ। ਇਸਲਾਮਿਕ ਗਣਤੰਤਰ ਦੀ ਨੈਤਿਕਤਾ ਪੁਲਸ ਦੁਆਰਾ ਹਿਰਾਸਤ ਵਿੱਚ ਲਏ ਗਏ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਗੁਆਂਢੀ ਦੇਸ਼ ਈਰਾਨ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਮਾਰੂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਪ੍ਰਦਰਸ਼ਨ ਕਰ ਰਹੀਆਂ ਜਨਾਨੀ ਹੱਥਾਂ ਵਿੱਚ ਬੈਨਰ ਫੜ ਕੇ ਤਾਲਿਬਾਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਅਫਗਾਨਿਸਤਾਨ 'ਚ ਜਨਾਨੀਆਂ ਦਾ ਸਰਕਾਰ ਦੇ ਤਾਲਿਬਾਨੀ ਫ਼ੈਸਲੇ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨ ਕਰ ਰਹੀਆਂ ਜਨਾਨੀਆਂ 'ਤੇ ਹਵਾਈ ਫ਼ਾਇਰਿੰਗ ਕਰਦੀ ਤਾਲਿਬਾਨ ਸਰਕਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪੁਲਸ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਵੀ ਜਨਾਨੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ।