ਐਡਿਨਬਰਾ : ਰਵਾਇਤੀ ਲਾਲ ਰੰਗ ਦਾ ਫੋਨ ਬਕਸਾ ਲਾਇਆ ਵਿਕਰੀ ’ਤੇ, ਨਿਲਾਮੀ 27 ਅਪ੍ਰੈਲ ਨੂੰ

04/06/2021 3:25:00 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਪੁਰਾਣੇ ਸਮਿਆਂ ’ਚ ਬਰਤਾਨਵੀ ਸ਼ਹਿਰਾਂ ’ਚ ਲਾਲ ਰੰਗ ਦੇ ਜਨਤਕ ਸਹੂਲਤ ਲਈ ਲੱਗੇ ਫੋਨ ਬਕਸੇ ਜ਼ਿਆਦਾਤਰ ਗੱਲਬਾਤ ਦਾ ਸਾਧਨ ਹੁੰਦੇ ਸਨ ਪਰ ਤਰੱਕੀ ਅਤੇ ਨਵੀਂ ਤਕਨਾਲੋਜੀ ਦੇ ਨਾਲ ਅਜੋਕੇ ਸਮੇਂ ’ਚ ਇਨ੍ਹਾਂ ’ਚੋਂ ਬਹੁਤ ਸਾਰੇ ਅਲੋਪ ਹੋ ਗਏ ਹਨ ਜਾਂ ਹੋਰ ਕੰਮਾਂ ਦੀ ਵਰਤੋਂ ’ਚ ਬਦਲ ਗਏ ਹਨ। ਐਡਿਨਬਰਾ ਦੇ ਸਭ ਤੋਂ ਮਸ਼ਹੂਰ ਟਿਕਾਣਿਆਂ ’ਚੋਂ ਇੱਕ ਸਥਾਨ ਦੇ ਨੇੜੇ ਅਜਿਹਾ ਲਾਲ ਰੰਗ ਦਾ ਬਕਸਾ ਵਿਕਰੀ ਲਈ ਲਾਇਆ ਗਿਆ ਹੈ, ਜਿਸ ਨੂੰ ਨਵੀਂ ਕਾਰ ਦੀ ਕੀਮਤ ਤੋਂ ਘੱਟ ’ਚ ਖਰੀਦਿਆ ਜਾ ਸਕਦਾ ਹੈ। ਰਾਜਧਾਨੀ ਦੇ ਜਾਰਜ IV ਬ੍ਰਿਜ 'ਤੇ ਸਕਾਟਲੈਂਡ ਨੈਸ਼ਨਲ ਲਾਇਬ੍ਰੇਰੀ ਦੇ ਬਾਹਰ ਇਹ ਫੋਨ ਬਾਕਸ 8,000 ਪੌਂਡ ਤੋਂ ਘੱਟ ਕੀਮਤ ਲਈ ਬਾਜ਼ਾਰ ’ਚ ਹੈ।

ਅਧਿਕਾਰੀਆਂ ਅਨੁਸਾਰ ਕੋਈ ਵੀ ਜੋ ਇਸ ਬਾਕਸ ਨੂੰ ਖਰੀਦਣਾ ਚਾਹੁੰਦਾ ਹੈ, ਇਸ ਨੂੰ ਇਸ ਦੇ ਮੌਜੂਦਾ ਸਥਾਨ ਤੋਂ ਹਿਲਾਉਣ ਜਾਂ ਤਬਦੀਲੀ ਕਰਨ ’ਚ ਅਸਮਰੱਥ ਹੋਵੇਗਾ ਕਿਉਂਕਿ ਇਸ ਨੂੰ ਵਿਰਾਸਤੀ ਜਗ੍ਹਾ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਦੀ ਨਿਲਾਮੀ ਕਰਨ ਵਾਲੀ ਸੰਸਥਾ ਬਿਡ ਐਕਸ 1 ਦੇ ਏਜੰਟਾਂ ਅਨੁਸਾਰ ਇਹ ਬਕਸਾ ਕਿਸੇ ਲਈ ਵੀ ਵਧੀਆ ਕਾਰੋਬਾਰ ਕਰ ਸਕਦਾ ਹੈ ਅਤੇ ਇਸ ਨੂੰ ਮੌਜੂਦਾ ਰੂਪ ’ਚ ਛੋਟੀ ਕੌਫੀ ਜਾਂ ਭੋਜਨ ਦੀ ਦੁਕਾਨ ਜਾਂ ਇੱਕ ਛੋਟੀ ਜਿਹੀ ਲਾਇਬ੍ਰੇਰੀ ਵਜੋਂ ਵਰਤਿਆ ਜਾ ਸਕਦਾ ਹੈ। ਬਿਡ ਐਕਸ 1 ਦੀ ਮੈਟ ਹੈਰਿਸ ਅਨੁਸਾਰ ਇੰਗਲੈਂਡ ਦੇ ਚੇਲਟਨਹੈਮ ’ਚ ਮਿਲਦੇ-ਜੁਲਦੇ ਬਕਸੇ ਮਿੰਨੀ ਆਰਟ ਗੈਲਰੀਆਂ ’ਚ ਬਦਲ ਗਏ ਹਨ । ਇਹ ਅੱਠ ਫੁੱਟ ਉੱਚਾ ਅਤੇ ਤਿੰਨ ਫੁੱਟ ਵਰਗ ’ਤੇ ਖੜ੍ਹਾ ਛੋਟਾ ਲਾਲ ਰੰਗ ਦਾ ਫੋਨ ਬਕਸਾ 27 ਅਪ੍ਰੈਲ ਮੰਗਲਵਾਰ ਨੂੰ ਇੱਕ ਆਨਲਾਈਨ ਨਿਲਾਮੀ ਲਈ ਤਿਆਰ ਹੈ।


Anuradha

Content Editor

Related News