ਇਕਵਾਡੋਰ ਦੀ ਵਿਦੇਸ਼ ਮੰਤਰੀ ਰਚੇਗੀ ਇਤਿਹਾਸ, ਬਣੇਗੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ
Wednesday, Jun 06, 2018 - 03:23 PM (IST)

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੀ ਅਗਲੀ ਪ੍ਰਧਾਨ ਦੇ ਤੌਰ 'ਤੇ ਇਕਵਾਡੋਰ ਦੀ ਵਿਦੇਸ਼ ਮੰਤਰੀ ਮਾਰੀਆ ਫਰਨਾਡ ਇਸੀਪਨੋਸਾ ਨੂੰ ਅੱਜ ਚੁਣਿਆ। ਉਹ 73 ਸਾਲਾਂ ਦੇ ਇਤਿਹਾਸ ਵਿਚ 193 ਮੈਂਬਰੀ ਵਿਸ਼ਵ ਬਾਡੀਜ਼ ਦੀ ਅਗਵਾਈ ਕਰਨ ਵਾਲੀ ਚੌਥੀ ਮਹਿਲਾ ਹੈ। ਇਸੀਪਨੋਸਾ ਆਪਣੀ ਮਹਿਲਾ ਮੁਕਾਬਲੇਬਾਜ਼ ਹੋਂਡੁਰਾਸ ਦੀ ਦੂਤ ਮੈਰੀ ਐਲੀਜ਼ਾਬੈਥ ਲੋਰਸ ਲੈਕ ਨੂੰ ਹਰਾ ਕੇ ਇਸ ਅਹੁਦੇ ਲਈ ਚੁਣੀ ਗਈ ਹੈ। ਲੈਕ ਨੂੰ 62 ਵੋਟਾਂ ਦੇ ਮੁਕਾਬਲੇ ਇਸੀਪਨੋਸਾ ਨੂੰ 128 ਵੋਟਾਂ ਮਿਲੀਆਂ।
ਪਰੀਸ਼ਦ ਦੇ ਪ੍ਰਧਾਨ ਸਲੋਵਾਕੀਆ ਦੇ ਮਿਰੋਸਲਾਵ ਲਜਕਾਕ ਨੇ ਤਾੜੀਆਂ ਦੀ ਗੂੰਜ ਦਰਮਿਆਨ ਨਤੀਜਿਆਂ ਦਾ ਐਲਾਨ ਕੀਤਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ, ''ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਬਿਹਤਰ ਕਰਨਾ ਚਾਹੀਦਾ ਹੈ।'' ਇਸ ਮੌਕੇ 'ਤੇ ਇਸੀਪਨੋਸਾ ਨੇ ਉਮੀਦ ਜ਼ਾਹਰ ਕੀਤੀ ਕਿ ਲਿੰਗੀ ਸਮਾਨਤਾ ਦੀ ਦਿਸ਼ਾ ਵਿਚ ਸਕਾਰਾਤਮਕ ਤਰੱਕੀ ਹੁੰਦੀ ਰਹੇਗੀ ਅਤੇ ਉਨ੍ਹਾਂ ਨੇ ਆਪਣੀ ਚੋਣ ਨੂੰ ਦੁਨੀਆ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਮਰਪਿਤ ਕੀਤਾ, ਜੋ ਮੌਜੂਦਾ ਰਾਜਨੀਤੀ ਵਿਚ ਹਿੱਸਾ ਲੈਂਦੀਆਂ ਹਨ, ਜਿਨ੍ਹਾਂ ਨੇ ਪੁਰਸ਼ਵਾਦੀ ਅਤੇ ਭੇਦਭਾਵਪੂਰਨ ਸਿਆਸਤ ਅਤੇ ਮੀਡੀਆ ਹਮਲਿਆਂ ਦਾ ਸਾਹਮਣਾ ਕੀਤਾ ਹੈ।
ਇਸੀਪਨੋਸਾ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਇਸ ਅਹੁਦੇ 'ਤੇ ਚੁਣੇ ਜਾਣ ਵਾਲੀ ਲਾਤਿਨ ਅਮਰੀਕੀ ਅਤੇ ਕੈਰੀਬੀਆ ਦੀ ਪਹਿਲੀ ਮਹਿਲਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਹਿਲ ਗਲੋਬਲ ਅਸਰ ਲਈ ਗੱਲਬਾਤ ਨੂੰ ਆਖਰੀ ਰੂਪ ਦੇਣਾ, ਸੰਯੁਕਤ ਰਾਸ਼ਟਰ ਦੇ ਸੁਧਾਰਾਂ ਨੂੰ ਲਾਗੂ ਕਰਨਾ ਅਤੇ ਵਿੱਤੀ ਆਰਥਿਕ ਵਿਕਾਸ ਦੇ ਨਵੇਂ ਰਸਤੇ ਤਲਾਸ਼ਣਾ ਹੋਵੇਗੀ।