ਇਬੋਲਾ ਨਾਲ ਨਜਿੱਠਣ ਤੇ ਵੈਕਸੀਨ ਤਿਆਰ ਕਰਨ ਲਈ ਅਫ਼ਰੀਕਾ ਨੂੰ ਦੇਣੇ ਪੈਣਗੇ ਹੋਰ ਫੰਡ
Sunday, Jun 21, 2026 - 09:39 AM (IST)
ਇੰਟਰਨੈਸ਼ਨਲ ਡੈਸਕ- ਅਫ਼ਰੀਕਾ ਦੀ ਚੋਟੀ ਦੀ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗੋ ਅਤੇ ਯੁਗਾਂਡਾ ਵਿਚ ਇਬੋਲਾ ਨਾਲ ਨਜਿੱਠਣ ਅਤੇ ਇਸ ਦੇ ਟੀਕੇ ਵਿਕਸਿਤ ਕਰਨ ਲਈ ਅਫ਼ਰੀਕੀ ਦੇਸ਼ਾਂ ਨੂੰ ਹੋਰ ਫੰਡ ਮੁਹੱਈਆ ਕਰਵਾਉਣਾ ਪਵੇਗਾ।
ਏਜੰਸੀ ਨੇ ਚਿਤਾਵਨੀ ਦਿੱਤੀ ਕਿ ਇਹ ਮਹਾਦੀਪ ਆਪਣੀਆਂ ਸਿਹਤ ਸਬੰਧੀ ਲੋੜਾਂ ਲਈ ਹਮੇਸ਼ਾ ਵਿਦੇਸ਼ੀ ਭਾਈਵਾਲਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਅਫ਼ਰੀਕਾ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਅਫ਼ਰੀਕਾ ਸੀ.ਡੀ.ਸੀ.) ਨੇ ਦੱਸਿਆ ਕਿ 15 ਮਈ ਤੋਂ ਹੁਣ ਤੱਕ ਇਬੋਲਾ ਦੇ 894 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤ ਲੋਕਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਗਿਣਤੀ 35,000 ਤੱਕ ਹੋ ਸਕਦੀ ਹੈ।
ਫੈਲਣ ਦੀ ਪੁਸ਼ਟੀ ਕਈ ਹਫ਼ਤਿਆਂ ਦੀ ਦੇਰੀ ਨਾਲ ਹੋਣ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਸਲ ਮਾਮਲਿਆਂ ਦੀ ਗਿਣਤੀ ਇਸ ਅੰਕੜੇ ਤੋਂ ਵੱਧ ਹੋ ਸਕਦੀ ਹੈ। ਅਫਰੀਕਾ ਸੀ.ਡੀ.ਸੀ. ਦੇ ਡਾਇਰੈਕਟਰ ਜਨਰਲ ਜੀਨ ਕਸੇਯਾ ਨੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਕਿਹਾ ਕਿ ਇਹ ਇਨਫੈਕਸ਼ਨ ਅਫ਼ਰੀਕਾ ਲਈ ਇਕ ਚਿਤਾਵਨੀ ਹੈ ਕਿ ਉਹ ਆਪਣੇ ਸਿਹਤ ਖੇਤਰ ਵਿਚ ਵੱਧ ਨਿਵੇਸ਼ ਕਰੇ ਅਤੇ ਵਿਦੇਸ਼ੀ ਭਾਈਵਾਲਾਂ ’ਤੇ ਨਿਰਭਰਤਾ ਘਟਾਏ। ਕਸੇਯਾ ਨੇ ਕਿਹਾ ਕਿ ਜੇ ਇਹ ਇਨਫੈਕਸ਼ਨ ਯੂਰਪ, ਅਮਰੀਕਾ ਜਾਂ ਕਿਸੇ ਹੋਰ ਮਹਾਂਦੀਪ ਵਿਚ ਫੈਲੀ ਹੁੰਦੀ, ਤਾਂ ਉੱਥੇ ਹੁਣ ਤੱਕ ਇਸ ਦਾ ਟੀਕਾ ਅਤੇ ਦਵਾਈ ਵਿਕਸਿਤ ਕਰ ਲਈ ਗਈ ਹੁੰਦੀ।
