ਇਰਾਕ-ਈਰਾਨ 'ਚ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ ਸੈਂਕੜੇ 634 ਜ਼ਖਮੀ
Monday, Nov 26, 2018 - 03:02 PM (IST)

ਬਗਦਾਦ— ਇਰਾਕ ਅਤੇ ਈਰਾਨ ਦੇ ਸਰਹੱਦੀ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਰਾਕ ਦੇ ਭੂਚਾਲ ਚਿਤਾਵਨੀ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਇਸ ਕਾਰਨ 634 ਲੋਕ ਜ਼ਖਮੀ ਹੋ ਗਏ । ਭੂਚਾਲ ਕਾਰਨ ਇਰਾਕੀ ਕੁਰਦਿਸਤਾਨ ਖੇਤਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 43 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਈਰਾਨ ਦੇ ਪੱਛਮੀ ਕਰਮਨਸ਼ਾਹ ਸੂਬੇ ਦੇ ਗਿਲਾਨ ਘਰਬ, ਸਾਰਪੋਲ ਜਹਾਬ ਅਤੇ ਕਸਰ-ਏ-ਸ਼ਿਰੀਨ 'ਚ ਇਸ ਭੂਚਾਲ ਕਾਰਨ 361 ਲੋਕ ਜ਼ਖਮੀ ਹੋ ਗਏ। ਤਾਜ਼ਾ ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ 'ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 634 ਤਕ ਪੁੱਜ ਗਈ ਹੈ। ਸਰਕਾਰੀ ਏਜੰਸੀ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ ਹੈ।
ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਸ਼ਾਮ ਤਕਰੀਬਨ 7.37 'ਤੇ ਮਹਿਸੂਸ ਕੀਤੇ ਗਏ। ਲੋਕ ਬਹੁਤ ਡਰ ਗਏ ਸਨ ਅਤੇ ਕਾਫੀ ਸਮੇਂ ਤਕ ਸੜਕਾਂ 'ਤੇ ਹੀ ਖੜ੍ਹੇ ਰਹੇ। ਭੂਚਾਲ ਦਾ ਕੇਂਦਰ ਈਰਾਨ ਦੇ ਸਰਹੱਦੀ ਇਲਾਕੇ ਕਾਸਿਰ ਸ਼ਿਰੀਨ 'ਚ ਸੀ। ਬਗਦਾਦ 'ਚ ਲੋਕਾਂ ਨੇ ਭੂਚਾਲ ਦੇ ਝਟਕੇ ਤਕਰੀਬਨ ਇਕ ਮਿੰਟ ਤਕ ਮਹਿਸੂਸ ਕੀਤੇ। ਭੂਚਾਲ ਦੇ ਝਟਕੇ ਪੂਰਬੀ ਦਿਆਲਾ ਸੂਬੇ ਸਮੇਤ ਕਈ ਇਰਾਕੀ ਸੂਬਿਆਂ 'ਚ ਵੀ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ 12 ਨਵੰਬਰ, 2017 ਨੂੰ ਇਰਾਕ 'ਚ 7.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। 2003 'ਚ ਈਰਾਨ ਦੇ ਸ਼ਹਿਰ ਬਾਮ 'ਚ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 26,000 ਲੋਕਾਂ ਦੀ ਮੌਤ ਹੋ ਗਈ ਸੀ।