ਅਲਬਾਨੀਆ ''ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ 68 ਲੋਕ ਜ਼ਖਮੀ

09/22/2019 10:25:24 AM

ਤਿਰਾਨਾ— ਅਲਬਾਨੀਆ 'ਚ ਸ਼ਨੀਵਾਰ ਨੂੰ ਆਏ ਭੂਚਾਲ ਦੇ ਜ਼ੋਰਦਾਰ ਝਟਕਿਆਂ ਦੇ ਬਾਅਦ ਫਿਰ ਤੋਂ ਦੋ ਝਟਕੇ ਲੱਗੇ। ਇਸ ਕਾਰਨ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵਧ ਕੇ 68 ਹੋ ਗਈ ਹੈ। ਰੱਖਿਆ ਮੰਤਰੀ ਓਲਟਾ ਸ਼ਾਕਾ ਨੇ ਇਹ ਜਾਣਕਾਰੀ ਦਿੱਤੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਰਾਜਧਾਨੀ ਤਿਰਾਨਾ ਕੋਲ ਬੰਦਰਗਾਹ ਸ਼ਹਿਰ ਡੁਰੇਸ ਤੋਂ 4 ਮੀਲ ਉੱਤਰ 'ਚ ਪਹਿਲਾਂ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੇ ਬਾਅਦ ਦੋ ਹੋਰ ਝਟਕੇ ਲੱਗੇ ਤੇ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 30 ਸਾਲਾਂ ਦੌਰਾਨ ਆਏ ਭੂਚਾਲ ਦੇ ਝਟਕਿਆਂ 'ਚ ਇਹ ਭੂਚਾਲ ਸਭ ਤੋਂ ਸ਼ਕਤੀਸ਼ਾਲੀ ਸੀ।

ਭੂਚਾਲ ਕਾਰਨ 46 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਸਿਹਤ ਮੰਤਰੀ ਓਗਟਰ ਮਨਸਤਿਰਲਿਊ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਰਾਜਧਾਨੀ ਦੇ ਟ੍ਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਭੂਚਾਲ ਕਾਰਨ ਹੋਏ ਨੁਕਸਾਨ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


Related News