ਦੁਬਈ ਇੰਟ: ਏਅਰਪੋਰਟ ''ਤੇ ਫਸੇ ਬੈਠੇ ਭਾਰਤੀ ਮੂਲ ਦੇ ਯਾਤਰੀਆਂ ਵੱਲੋਂ ਭਾਰਤ ਸਰਕਾਰ ਅੱਗੇ ਅਰਜੋਈ
Monday, Mar 23, 2020 - 03:03 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਰਪ ਤੋਂ 18 ਮਾਰਚ ਨੂੰ ਐਮੀਰੇਟਸ ਦੀ ਫਲਾਈਟ ਰਾਹੀਂ ਭਾਰਤ ਜਾ ਰਹੇ ਯਾਤਰੀਆਂ ਨੂੰ ਐਮੀਰੇਟਸ ਵੱਲੋਂ ਪੂਰੀ ਜਾਣਕਾਰੀ ਨਾ ਦੇਣ ਉਪਰੰਤ 20 ਦੇ ਲਗਭਗ ਨੌਜਵਾਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 'ਤੇ ਫਸੇ ਬੈਠੇ ਹਨ। ਇਸ ਪੱਤਰਕਾਰ ਨਾਲ ਦੁਬਈ ਤੋਂ ਗੱਲਬਾਤ ਕਰਦਿਆਂ ਪਿੰਡ ਹਿੰਮਤਪੁਰਾ (ਮੋਗਾ) ਨਾਲ ਸੰਬੰਧਤ ਨੌਜਵਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਖਾਣ-ਪੀਣ ਦਾ ਸਮਾਨ ਹੈ ਤੇ ਨਾ ਹੀ ਕੋਈ ਰਾਸ਼ੀ ਬਚੀ ਹੈ। ਉਨ੍ਹਾਂ ਭਾਰਤੀ ਉੱਚ ਅਧਿਕਾਰੀਆਂ ਨੂੰ ਤਰਲਾ ਕੀਤਾ ਹੈ ਕਿ ਉਨ੍ਹਾਂ ਨੂੰ ਮੌਤ ਦੇ ਮੂੰਹ 'ਚੋਂ ਕੱਢ ਕੇ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕਿਹਾ ਜਾ ਰਿਹਾ ਹੈ ਕਿ ਦੁਬਈ ਏਅਰਪੋਰਟ 25 ਮਾਰਚ ਨੂੰ ਮੁਕੰਮਲ ਤੌਰ ਤੇ ਬੰਦ ਹੋਣ ਦੀ ਸੰਭਾਵਨਾ ਹੈ। ਨੌਜਵਾਨ ਇਸ ਗੱਲੋਂ ਚਿੰਤਤ ਹਨ ਕਿ ਉਨ੍ਹਾਂ ਦੇ ਤਰਲਿਆਂ ਨੂੰ ਭਾਰਤ ਸਰਕਾਰ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ।