ਦੁਬਈ 'ਚ ਕਾਰ ਹਾਦਸੇ 'ਚ ਮਾਰੇ ਗਏ ਵਿਦਿਆਰਥੀ ਦੀ ਲਾਸ਼ ਅੱਜ ਪੁੱਜੇਗੀ ਭਾਰਤ
Friday, Dec 27, 2019 - 01:19 PM (IST)

ਦੁਬਈ (ਭਾਸ਼ਾ): ਬੀਤੇ ਦਿਨੀਂ ਦੁਬਈ ਵਿਚ ਵਾਪਰੇ ਕਾਰ ਹਾਦਸੇ ਵਿਚ ਮਾਰੇ ਗਏ ਦੋ ਭਾਰਤੀ ਵਿਦਿਆਰਥੀਆਂ ਵਿਚੋਂ ਇਕ ਦੀ ਲਾਸ਼ ਅੱਜ ਭਾਵ ਸ਼ੁੱਕਰਵਾਰ ਨੂੰ ਭਾਰਤ ਲਈ ਰਵਾਨਾ ਕਰ ਦਿੱਤੀ ਗਈ। ਇਹਨਾਂ ਵਿਦਿਆਰਥੀਆਂ ਦੀ ਡੂਬਾ ਵਿਚ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਗਲਫ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਕ੍ਰਮਵਾਰ ਅਮਰੀਕਾ ਅਤੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ 21 ਸਾਲ ਦੇ ਸ਼ਰਤ ਕੁਮਾਰ ਅਤੇ 19 ਸਾਲ ਦੇ ਰੋਹਿਤ ਕ੍ਰਿਸ਼ਨਕੁਮਾਰ ਦੀ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਵਾਪਰੇ ਹਾਦਸੇ ਵਿਚ ਮੌਤ ਹੋ ਗਈ ਸੀ।
ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਵੀਰਵਾਰ ਸ਼ਾਮ ਨੂੰ ਮੁਹਾਸਨਾ ਵਿਚ ਮੈਡੀਕਲ ਫਿੱਟਨੈੱਸ ਸੈਂਟਰ ਦੀ ਇਮਬਲਿੰਗ ਯੂਨਿਟ ਵਿਚ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ । ਸ਼ਰਤ ਦੀ ਲਾਸ਼ ਵੀਰਵਾਰ ਰਾਤ ਅਮੀਰਾਤ ਦੀ ਉਡਾਣ ਜ਼ਰੀਏ ਤਿਰੂਵਨੰਤਪੁਰਮ ਵਾਪਸ ਭੇਜੀ ਗਈ ਜਦਕਿ ਰੋਹਿਤ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਨੂੰ ਦੂਜੀ ਉਡਾਣ ਵਿਚ ਭੇਜੀ ਜਾਣੀ ਸੀ। ਇਕ ਪਰਿਵਾਰਕ ਦੋਸਤ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਸ਼ਰਤ ਆਪਣੀ ਮਾਂ ਅਤੇ ਦਾਦੀ ਦੇ ਨਾਲ ਇਕ ਹੀ ਫਲਾਈਟ ਵਿਚ ਸੀ। ਦੋਸਤ ਨੇ ਅੱਗੇ ਦੱਸਿਆ,''ਉਹਨਾਂ ਨੇ ਕੇਰਲ ਜਾ ਰਹੀ ਉਸੇ ਫਲਾਈਟ ਵਿਚ ਟਿਕਟ ਬੁੱਕ ਕੀਤੀ ਸੀ ਅਤੇ ਉਸ ਦੇ ਪਿਤਾ ਬਾਅਦ ਵਿਚ ਉੱਥੇ ਪਹੁੰਚ ਗਏ।''