ਦੁਬਈ ਸਥਿਤ ਗੁਰਦੁਆਰਾ ਸਾਹਿਬ ਵੱਲੋਂ UAE ਤੋਂ ਪੰਜਾਬ ਲਈ ਭੇਜੀ ਪਹਿਲੀ ਉਡਾਣ
Friday, Jun 26, 2020 - 06:34 PM (IST)
ਦੁਬਈ (ਭਾਸ਼ਾ): ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਫਸੇ ਭਾਰਤੀਆਂ ਨੂੰ ਪੰਜਾਬ ਵਿਚ ਅੰਮ੍ਰਿਤਸਰ ਵਾਪਸ ਭੇਜਣ ਲਈ ਪਹਿਲੀ ਚਾਰਟਰ ਉਡਾਣ ਦੀ ਸਹੂਲਤ ਦਿੱਤੀ ਹੈ।ਇਹ ਜਾਣਕਾਰੀ ਦਿੱਤੀ ਗਈ ਹੈ।ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ, ਫਲਾਈਟ ਵੀਰਵਾਰ ਸਵੇਰੇ ਦੁਬਈ ਤੋਂ ਕੁਲ 209 ਯਾਤਰੀਆਂ ਦੇ ਨਾਲ ਰਵਾਨਾ ਹੋਈ।
ਗੁਰਦੁਆਰਾ ਸਾਹਿਬ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਲਈ ਵਧੇਰੇ ਚਾਰਟਰ ਉਡਾਣਾਂ ਦਾ ਪ੍ਰਬੰਧ ਕਰਨ ਦੀ ਤਿਆਰੀ ਵਿਚ ਹੈ।ਇਕ ਬਿਆਨ ਵਿਚ ਕਿਹਾ ਗਿਆ ਹੈ,“ਦੂਜੀ ਉਡਾਣ 27 ਜੂਨ ਨੂੰ ਨਿਰਧਾਰਤ ਕੀਤੀ ਗਈ ਹੈ, ਦੋ ਪਾਈਪਲਾਈਨ ਵਿਚ ਹਨ ਅਤੇ ਅਸੀਂ ਆਉਣ ਵਾਲੇ ਹਫ਼ਤਿਆਂ ਵਿਚ ਛੇ ਹੋਰ ਉਡਾਣਾਂ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਭਾਰਤੀ ਸੁਰੱਖਿਅਤ ਅਤੇ ਜਲਦੀ ਘਰ ਪਹੁੰਚ ਜਾਣਗੇ।”
ਇਹ ਵੀ ਕਿਹਾ ਗਿਆ,“ਅਸੀਂ ਦੁਬਈ ਵਿਚਲੇ ਭਾਰਤੀ ਕੌਂਸਲੇਟ ਅਤੇ ਯੂ.ਏ.ਈ ਦੇ ਭਾਰਤੀ ਦੂਤਘਰ ਦੇ ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਖਾਲਸਾ ਮੋਟਰਸਾਈਕਲ ਕਲੱਬ ਯੂ.ਏ.ਈ. ਦੇ ਮੈਂਬਰਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਹੈ, ਜੋ ਇਸ ਉਪਰਾਲੇ ਵਿਚ ਸਾਡੀ ਅਣਥੱਕ ਮਦਦ ਕਰ ਰਹੇ ਹਨ। ਸਮੇਂ ਸਿਰ ਮਨਜ਼ੂਰੀਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ।" ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ,"ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਦੁਬਈ ਵਿਚ ਇਸ ਮੁਸ਼ਕਲ ਸਥਿਤੀ ਦੌਰਾਨ ਸਾਡੇ ਭਰਾਵਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਸਾਰੇ ਕੁਆਰੰਟੀਨ ਤੋਂ ਬਾਅਦ ਜਲਦੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਸਕਣਗੇ।''
ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਭਾਰਤੀ ਵਣਜ ਦੂਤਾਵਾਸ ਅਤੇ ਵਾਲੰਟੀਅਰਾਂ ਦੀ ਮਦਦ ਨਾਲ ਮਾਰਚ ਤੋਂ ਲੈ ਕੇ ਹੁਣ ਤੱਕ ਲੱਗਭਗ 1500 ਲੋਕਾਂ ਨੂੰ ਹਰ ਰੋਜ਼ ਖਾਣਾ ਵੰਡ ਰਿਹਾ ਹੈ।