ਆਬੂਧਾਬੀ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ UAE ਦਾ ਵੱਡਾ ਫ਼ੈਸਲਾ, ਡਰੋਨ ਦੀ ਵਰਤੋਂ ’ਤੇ ਲਾਈ ਪਾਬੰਦੀ

01/24/2022 12:13:02 PM

ਕੁਵੈਤ - ਬੀਤੇ ਸੋਮਵਾਰ, 17 ਜਨਵਰੀ ਨੂੰ ਹੂਤੀ ਬਾਗੀਆਂ ਨੇ ਯੂ. ਏ. ਈ. ਦੇ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਹਮਲਾ ਕੀਤਾ ਸੀ, ਜਿਸ ’ਚ 2 ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ 6 ਲੋਕ ਹੋਰ ਜ਼ਖ਼ਮੀ ਹੋ ਗਏ ਸਨ। ਉਸ ਤੋਂ ਬਾਅਦ ਸਾਊਦੀ ਅਗਵਾਈ ਵਾਲੇ ਗਠਜੋੜ ਨੇ ਯਮਨ ਦੀ ਰਾਜਧਾਨੀ ਸਨਾ ਵਿਚ ਹਵਾਈ ਹਮਲੇ ਕੀਤੇ ਸਨ। ਇਸ ਤੋਂ ਕੁਝ ਦਿਨਾਂ ਬਾਅਦ ਹੁਣ ਯੂ. ਏ. ਈ. ਨੇ ਇਕ ਮਹੀਨੇ ਲਈ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ: ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ

ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿਚ ਮੰਤਰਾਲਾ ਡਰੋਨ ਅਤੇ ਹਲਕੇ ਸਪੋਰਟਸ ਏਅਰਕ੍ਰਾਫਟ ਸਮੇਤ ਡਰੋਨ ਦੇ ਮਾਲਕਾਂ ਅਤੇ ਇਸ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਸਾਰੇ ਫਲਾਇੰਗ ਆਪ੍ਰੇਸ਼ਨਸ ’ਤੇ ਰੋਕ ਲਗਾ ਰਿਹਾ ਹੈ। ਰਿਪੋਰਟ ਮੁਤਾਬਕ ਹੁਕਮ ’ਚ ਕਿਹਾ ਗਿਆ ਹੈ ਕਿ ਇਕ ਮਹੀਨੇ ਤੱਕ ਲੱਗੀ ਇਸ ਪਾਬੰਦੀ ਦੌਰਾਨ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਮੰਤਰਾਲਾ ਨੇ ਕਿਹਾ ਕਿ ਇਹ ਹੁਕਮ ਹਾਲ ਹੀ ’ਚ ਹੋਈਆਂ ਗਤੀਵਿਧੀਆਂ ਤੋਂ ਬਾਅਦ ਲਿਆ ਗਿਆ ਹੈ। ਹੁਕਮ ’ਚ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਕੰਮ ਲਈ ਡਰੋਨ ਉਡਾਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਅਧਿਕਾਰੀਆਂ ਤੋਂਂ ਮਨਜ਼ੂਰੀ ਲੈਣੀ ਪਵੇਗੀ।

ਇਹ ਵੀ ਪੜ੍ਹੋ: ਬੈਲਜੀਅਮ ’ਚ ਕੋਰੋਨਾ ਪਾਬੰਦੀਆਂ ਖ਼ਿਲਾਫ਼ ਸੜਕਾਂ ’ਤੇ ਉਤਰੇ 50,000 ਪ੍ਰਦਰਸ਼ਨਕਾਰੀ, 70 ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਬੀਤੇ ਦਿਨੀਂ ਹੂਤੀ ਬਾਗੀਆਂ ਵੱਲੋਂ ਆਬੂਧਾਬੀ ’ਚ ਤੇਲ ਟੈਂਕਰਾਂ ਅਤੇ ਏਅਰਪੋਰਟ ’ਤੇ ਕੀਤੇ ਗਏ ਹਮਲੇ ’ਚ 3 ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਦੌਰਾਨ 6 ਹੋਰ ਲੋਕ ਜ਼ਖ਼ਮੀ ਹੋਏ ਸਨ। ਸੰਯੁਕਤ ਅਰਬ ਅਮੀਰਾਤ, ਸਾਊਦੀ ਦੀ ਅਗਵਾਈ ਵਾਲੇ ਫੌਜੀ ਗਠਜੋੜ ਦਾ ਹਿੱਸਾ ਹੈ, ਜੋ ਈਰਾਨ ਸਮਰਥਿਤ ਹੂਤੀਆਂ ਦੇ ਖ਼ਿਲਾਫ਼ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ। ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਖ਼ਿਲਾਫ਼ ਵਾਰ-ਵਾਰ ਸਰਹੱਦ ਪਾਰ ਤੋਂ ਹਮਲੇ ਕੀਤੇ ਹਨ ਪਰ 17 ਜਨਵਰੀ ਨੂੰ ਪਹਿਲੀ ਵਾਰ ਯੂ. ਏ. ਈ. ਦੇ ਬਾਰਡਰ ਅੰਦਰ ਯਮਨੀ ਬਾਗੀਆਂ ਵੱਲੋਂ ਹਮਲੇ ਕੀਤੇ ਗਏ ਸਨ।

ਇਹ ਵੀ ਪੜ੍ਹੋ: ਬਰੈਂਪਟਨ ’ਚ ਇਕ ਘਰ ’ਚ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News