ਡਾ. ਅਰਜੁਨ ਸਿੰਘ ਜੋਸ਼ਨ ਦਾ ਫਰਿਜ਼ਨੋ ਦੇ ਮੀਡੀਏ ਵੱਲੋਂ ਸਨਮਾਨ

03/20/2019 2:16:51 PM

ਫਰਿਜ਼ਨੋ, (ਨੀਟਾ ਮਾਛੀਕੇ)— ਆਪਣੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਡਾ. ਅਰਜੁਨ ਸਿੰਘ ਜੋਸ਼ਨ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਕੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਆ ਵਸੇ ਹਨ। ਇੱਥੇ ਉਨ੍ਹਾਂ ਨੇ ਬੀਤੇ ਲੰਮੇ ਸਮੇਂ ਤੋਂ ਆਪਣੀ ਪੜ੍ਹਾਈ, ਖੋਜ ਅਤੇ ਤਜ਼ਰਬੇ ਦੇ ਅਧਾਰ 'ਤੇ ਸਥਾਨਕ ਏਸ਼ੀਅਨ ਰੇਡੀਉ ਰਾਹੀਂ ਆਪਣੇ ਪੰਜਾਬੀ ਪ੍ਰੋਗਰਾਮ ਵਿੱਚ ਸੇਵਾਵਾ ਨਿਭਾਈਆਂ।  ਇਸ ਤੋਂ ਇਲਾਵਾ ਇੱਥੋ ਦੀਆ ਬਹੁਤ ਸਾਰੀਆਂ ਸਮਾਜਿਕ ਅਤੇ ਭਾਈਚਾਰਕ ਸੰਸਥਾਵਾਂ ਵਿੱਚ ਬਤੌਰ ਮੈਂਬਰ ਸੇਵਾਵਾਂ ਵੀ ਨਿਭਾਅ ਰਹੇ ਹਨ। ਬੀਤੇ ਦਿਨੀਂ ਫਰਿਜ਼ਨੋ ਦੇ ਸਮੁੱਚੇ ਮੀਡੀਏ ਦੇ ਸਮੂਹ ਮੈਂਬਰਾਂ ਅਤੇ ਅਮਰੀਕਾ ਦੇ ਸਰਕਾਰੀ ਖੇਤੀ-ਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸੇਵਾ ਮੁਕਤ ਹੋਣ 'ਤੇ ਡਾ. ਜੋਸ਼ਨ ਨੂੰ ਵਿਸ਼ੇਸ਼ ਵਿਦਾਇਗੀ ਪਾਰਟੀ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਤ ਕੀਤਾ। ਇਸ ਸਮੇਂ ਪੰਜਾਬੀ ਮੀਡੀਏ ਤੋਂ ਇਲਾਵਾ ਬਾਕੀ ਭਾਸ਼ਾਵਾਂ ਦੇ ਹੋਸਟ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ। 

PunjabKesari

ਡਾ. ਜੋਸ਼ਨ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਰੇਡੀਓ ਹੋਸਟ ਤੋਂ ਇਲਾਵਾ ਉੱਚ ਵਿੱਦਿਆ ਦੇ ਨਾਲ-ਨਾਲ ਚੰਗੇ ਲਿਖਾਰੀ, ਚਿੰਤਕ ਅਤੇ ਖੋਜੀ ਸੁਭਾਅ ਦੇ ਮਾਲਕ ਹਨ। ਅੱਜ ਦੇ ਸਮੇਂ ਦੀ ਮੁੱਖ ਲੋੜ ਆਰਗੇਨਿਕ ਖੇਤੀ ਦੇ ਪਸਾਰ ਲਈ ਹਮੇਸ਼ਾ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਰਹੇ ਹਨ। ਇਸ ਦਾ ਪੰਜਾਬੀ ਬੋਲੀ ਸਮਝਣ ਵਾਲੇ ਲੋਕਾਂ ਲਈ ਖਾਸ ਸਥਾਨ ਰਿਹਾ। ਇਸੇ ਦੌਰਾਨ ਇਨ੍ਹਾਂ ਦੇ ਸਹਿਯੋਗੀ ਕੇਵਲ ਸਿੰਘ ਬਾਸੀ ਨਾਲ ਮਿਲ ਸਿਹਤ ਸੰਭਾਲ, ਸਮਾਜਿਕ ਬੁਰਾਈਆਂ, ਖੇਤੀ-ਬਾੜੀ ਸੰਬੰਧੀ ਗੱਲ-ਬਾਤ  ਅਤੇ ਸਮੇਂ-ਸਮੇਂ ਸੰਬੰਧਤ ਮਾਹਰਾਂ ਨਾਲ ਖੇਤੀ-ਬਾੜੀ ਸੰਬੰਧੀ ਚਲੰਤ ਪ੍ਰੋਗਰਾਮਾਂ 'ਤੇ ਗੱਲਬਾਤ ਕਰਾਉਣਾ ਵੀ ਇਨ੍ਹਾਂ ਦੀ ਖਾਸੀਅਤ ਰਹੀ ਹੈ।  ਆਪਣੇ ਰੇਡੀਉ ਪ੍ਰੋਗਰਾਮ ਤੋਂ ਸੇਵਾ ਮੁਕਤੀ 'ਤੇ ਡਾ. ਜੋਸ਼ਨ ਨੇ ਹਾਜ਼ਰੀਨ ਦੀ ਮੰਗ 'ਤੇ ਸਮੇਂ ਲੋੜ ਪੈਣ 'ਤੇ ਸੇਵਾਵਾਂ ਦੇਣ ਦਾ ਵਾਅਦਾ ਕੀਤਾ। ਅੱਜ ਦੇ ਸਮੇਂ ਮੁਤਾਬਕ ਡਾ. ਜੋਸ਼ਨ ਖੇਤੀ-ਬਾੜੀ ਦੇ ਮਾਹਰ ਹੋਣ ਦੇ ਨਾਲ-ਨਾਲ ਕਲਮ ਦੇ ਵੀ ਧਨੀ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦਾ ਸਮੁੱਚਾ ਭਾਈਚਾਰਾ ਹਮੇਸ਼ਾ ਰਿਣੀ ਰਹੇਗਾ।


Related News