ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਨੇ 3000 ਯੂਰੋ ਨਾਲ ਇਟਲੀ ਦੀ ਕੀਤੀ ਮਦਦ

05/17/2020 2:11:07 PM

ਰੋਮ,(ਕੈਂਥ)- ਕੋਵਿਡ-19 ਮਹਾਂਮਾਰੀ ਕਾਰਨ ਯੂਰਪ ਦਾ ਇਟਲੀ ਪਹਿਲਾ ਦੇਸ਼ ਮੁੱਖ ਕੇਂਦਰ ਬਣਿਆ ਸੀ ਜਿੱਥੇ ਕਿ ਇਸ ਕੁਦਰਤੀ ਕਹਿਰ ਨੇ ਸਰਕਾਰ ਦੇ ਨਾਲ ਆਮ ਲੋਕਾਂ ਵੀ ਨੂੰ ਝੰਬਿਆ। ਇਸ ਮਹਾਂਮਾਰੀ ਕਾਰਨ ਇਟਲੀ ਦੀ ਆਰਥਿਕਤਾ ਤੇ ਸਮਾਜਿਕ ਜਨ-ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਟਲੀ ਸਰਕਾਰ ਦੇਸ਼ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੁੱਖ ਦੀ ਘੜੀ 'ਚ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਵੀ ਆਪਣੀ ਕਰਮਭੂਮੀ ਪ੍ਰਤੀ ਫ਼ਰਜ਼ਾਂ ਨੂੰ ਸਮਝਦਿਆਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ 'ਚ ਇਟਲੀ ਸਰਕਾਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾ ਰਹੀ ਹੈ। 

ਹੁਣ ਤੱਕ ਇਟਲੀ ਨੂੰ ਭਾਰਤੀ ਭਾਈਚਾਰੇ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕਰੀਬ ਦੋ ਲੱਖ ਯੂਰੋ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ), ਜੋ ਹਰ ਵੇਲੇ ਸਮਾਜਿਕ ਤੇ ਰਾਜਸੀ ਕਾਰਜਾਂ ਲਈ ਤਤਪਰ ਰਹਿੰਦੀ ਹੈ, ਵਲੋਂ ਵੀ ਇਸ ਮੁਸ਼ਕਲ ਸਮੇਂ 'ਚ ਇਟਲੀ ਸਰਕਾਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਗਈ। ਸੰਸਥਾ ਦੇ ਅਗਾਂਹ ਵਧੂ ਸੋਚ ਦੇ ਧਾਰਨੀ ਸਾਰੇ ਸਾਥੀਆਂ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ 3,000 ਯੂਰੋ ਦੀ ਰਾਸ਼ੀ ਇਕੱਠੀ ਕਰਕੇ ਇਟਲੀ ਦੇ ਸ਼ਹਿਰ ਸੰਨ ਗਰਵਾਸਿਉ ਦੇ ਮੇਅਰ ਜੇਮਸ ਸਕਾਵੂਰੀ ਨੂੰ ਸਪੁਰਦ ਕੀਤੀ।

ਇਸ ਮੌਕੇ ਜੇਮਸ ਸਕਾਵੂਰੀ ਨੇ ਰਾਸ਼ੀ ਪ੍ਰਵਾਨ ਕਰਦਿਆਂ ਬੜੇ ਭਾਵੁਕਤਾ ਵਾਲੇ ਲਫ਼ਜ਼ਾਂ ਨਾਲ ਕਿਹਾ ਕਿ ਭਾਰਤੀ ਭਾਈਚਾਰਾ ਅਪਣੀ ਮਿਹਨਤ-ਮੁਸ਼ੱਕਤ ਕਰਕੇ ਹਮੇਸ਼ਾ ਮਕਬੂਲ ਰਿਹਾ ਹੈ ਅਤੇ ਇਟਲੀ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿਚ ਭਾਰਤੀ ਲੋਕਾਂ ਦਾ ਬਹੁਤ ਯੋਗਦਾਨ ਰਿਹਾ ਹੈ ਤੇ ਹੁਣ ਇਸ ਦੁੱਖ ਦੀ ਘੜੀ ਵਿਚ ਭਾਰਤੀ ਭਾਈਚਾਰੇ ਨੇ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਾਹੀਂ ਸਰਕਾਰ ਦੀ ਮਾਲੀ ਮਦਦ ਕਰਕੇ ਇਟਲੀ ਦੀ ਲੋਕਾਈ ਪ੍ਰਤੀ ਅਪਣੀ ਸੁਹਿਰਦਤਾ ਦਾ ਸਬੂਤ ਦਿੱਤਾ ਹੈ।ਅਸੀ ਇਸ ਸੰਸਥਾ ਦੇ ਬਹੁਤ ਧੰਨਵਾਦੀ ਹਾਂ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕੈਲਾਸ਼ ਬੰਗੜ ਨੇ ਕਿਹਾ ਕਿ ਸੰਸਥਾ ਸਾਡੀ ਇਸ ਕਰਮਭੂਮੀ ਉੱਤੇ ਹਰ ਤਰ੍ਹਾਂ ਦੇ ਸਮਾਜੀ ਕਾਰਜਾਂ ਲਈ ਤੱਤਪਰ ਰਹਿੰਦੀ ਹੈ ਤੇ ਅਪਣੇ ਦੇਸ਼ ਭਾਰਤ ਵਿਚ ਵੀ ਸਮਾਜਿਕ ਬਰਾਬਰੀ ਦੇ ਉਦੇਸ਼ ਨਾਲ ਕੰਮ ਕਰ ਰਹੀ ਪਾਰਟੀ ਬਹੁਜਨ ਸਮਾਜ ਪਾਰਟੀ ਲਈ ਤਨ, ਮਨ ਤੇ ਧਨ ਨਾਲ ਮਦਦ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸੰਸਥਾ ਪਿਛਲੇ 14 ਸਾਲਾਂ ਤੋਂ ਇਟਲੀ ਦੀ ਧਰਤੀ ਤੋਂ ਗਿਆਨ ਚੰਦ ਸੂਦ ਸਰਪ੍ਰਸਤ ਅਤੇ ਚੇਅਰਮੈਨ ਸਰਬਜੀਤ ਵਿਰਕ ਦੀ ਅਗਵਾਈ ਹੇਠ ਅਜਿਹੇ ਸਮਾਜ ਭਲਾਈ ਤੇ ਸਿਆਸੀ ਕਾਰਜ ਨੇਪਰੇ ਚਾੜ੍ਹਦੀ ਰਹੀ ਹੈ। ਇਹ ਜਾਣਕਾਰੀ ਸੰਸਥਾ ਦੇ ਪ੍ਰੈੱਸ ਸਕੱਤਰ ਰਾਕੇਸ਼ ਕੁਮਾਰ ਨੇ ਪ੍ਰੈੱਸ ਨਾਲ ਸਾਂਝੀ ਕੀਤੀ।
 


Lalita Mam

Content Editor

Related News