18 ਦਿਨਾਂ ''ਚ 55 ਫਲਾਈਟਾਂ ਕੋਰੋਨਾ ਪੀੜਤਾਂ ਨੂੰ ਲੈ ਕੇ ਪੁੱਜੀਆਂ ਕੈਨੇਡਾ
Tuesday, Aug 25, 2020 - 08:22 AM (IST)
ਟੋਰਾਂਟੋ- ਕੈਨੇਡਾ ਵਿਚ ਇਸ ਮਹੀਨੇ ਆਈਆਂ ਫਲਾਈਟਾਂ ਵਿਚ ਵੱਡੀ ਗਿਣਤੀ ਵਿਚ ਕੋਵਿਡ-19 ਨਾਲ ਪੀੜਤ ਲੋਕਾਂ ਨੇ ਸਫਰ ਕੀਤਾ ਹੈ। ਇਹ ਫਲਾਈਟਾਂ ਕੈਨੇਡਾ ਦੇ ਮੁੱਖ ਹਵਾਈ ਅੱਡਿਆਂ 'ਤੇ ਲੈਂਡ ਹੋਈਆਂ।
ਸੰਘੀ ਸਰਕਾਰ ਮੁਤਾਬਕ 1 ਅਗਸਤ ਤੋਂ 18 ਅਗਸਤ ਦਰਮਿਆਨ 55 ਤੋਂ ਵਧੇਰੇ ਉਡਾਣਾਂ ਕੈਨੇਡਾ ਵਿਚ ਉੱਤਰੀਆਂ ਹਨ, ਜਿਨ੍ਹਾਂ ਵਿਚ ਸਵਾਰ ਕਈ ਯਾਤਰੀਆਂ ਦਾ ਜਦ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਕਿਹਾ ਜਾ ਰਿਹਾ ਹੈ ਕਿ ਲਗਭਗ ਦੋ ਦਰਜਨ ਤੋਂ ਵੱਧ ਫਲਾਈਟਾਂ ਕੈਨੇਡਾ ਦੇ ਮੁੱਖ ਹਵਾਈ ਅੱਡਿਆਂ 'ਤੇ ਪੁੱਜੀਆਂ। ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਟੋਰਾਂਟੋ ਹਵਾਈ ਅੱਡੇ 'ਤੇ ਉੱਤਰੇ। ਇਸ ਤੋਂ ਘੱਟ ਮਾਂਟਰੀਅਲ, ਵੈਨਕੁਵਰ ਅਤੇ ਕੈਲਗਰੀ ਵਿਚ ਪੁੱਜੇ।
ਜ਼ਿਕਰਯੋਗ ਹੈ ਕਿ ਕੁਝ ਕੰਪਨੀਆਂ ਨੇ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ ਹਾਲਾਂਕਿ ਸੰਘੀ ਸਰਕਾਰ ਵਲੋਂ ਕੈਨੇਡੀਅਨਾਂ ਨੂੰ ਬਿਨਾਂ ਜ਼ਰੂਰਤ ਦੇ ਸਫਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਦਿਖਾਈ ਦਿੱਤੇ, ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਨ ਲਈ ਕਿਹਾ ਗਿਆ।
ਵੈਸਟ ਜੈੱਟ ਅਤੇ ਏਅਰ ਕੈਨੇਡਾ ਦੋਵੇਂ ਵੱਡੀਆਂ ਏਅਰਲਾਈਨਜ਼ ਨੇ ਜਹਾਜ਼ ਦੀ ਵਿਚਕਾਰ ਵਾਲੀ ਸੀਟ ਦੀ ਬੁਕਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਜਹਾਜ਼ ਵਿਚ ਸਵਾਰੀਆਂ ਦੀ ਗਿਣਤੀ ਘੱਟ ਰੱਖਣ ਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਲਈ ਵਿਚਕਾਰ ਵਾਲੀ ਸੀਟ ਖਾਲੀ ਰੱਖੀ ਜਾਂਦੀ ਸੀ। ਯਾਤਰੀਆਂ ਨੂੰ ਮਾਸਕ ਲਗਾ ਕੇ ਸਫਰ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਏਅਰ ਕੈਨੇਡਾ ਦੇ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਚ ਵੀ ਕੋਰੋਨਾ ਜਿਹੇ ਲੱਛਣ ਦਿਖਦੇ ਹਨ ਤਾਂ ਉਹ ਆਪਣੇ ਡਾਕਟਰ ਦੀ ਸਲਾਹ ਲੈਣ।