ਜੇਲ ਦੇ ਕੈਦੀਆਂ ਨੇ ਵੀ ਨਹੀਂ ਬਖਸ਼ਿਆਂ ਮਾਸੂਮ ਬੱਚੇ ਨਾਥਨ ਦਾ ਕਾਤਲ, ਕੁੱਟ-ਕੁੱਟ ਕੇ ਪਹੁੰਚਾਇਆ ਹਸਪਤਾਲ

02/20/2017 7:54:12 AM

ਕੈਲਗਰੀ— ਕੈਲਗਰੀ ਦੇ ਇਕ ਪੰਜ ਸਾਲਾ ਬੱਚੇ ਨਾਥਨ ਓ ਬਰੀਅਨ ਅਤੇ ਉਸ ਦੇ ਦਾਦਾ-ਦਾਦੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਡਗਲਸ ਗਾਰਲੈਂਡ ਨੂੰ ਸ਼ੁੱਕਰਵਾਰ ਨੂੰ ਬਿਨਾਂ ਪੈਰੋਲ ਦੇ 75 ਸਾਲਾਂ ਦੀ ਸਜ਼ਾ ਸੁਣਾਈ ਗਈ। ਸ਼ੁੱਕਰਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਜਦੋਂ ਗਾਰਲੈਂਡ ਜੇਲ ਵਿਚ ਪੁੱਜਾ ਤਾਂ ਉਸ ਦਾ ਸੁਆਗਤ ਕੈਦੀਆਂ ਨੇ ਛਿੱਤਰਾਂ ਨਾਲ ਕੀਤਾ। ਕੈਲਗਰੀ ਦੀ ਜੇਲ ਵਿਚ ਸ਼ੁੱਕਰਵਾਰ ਰਾਤ ਨੂੰ ਕੈਦੀਆਂ ਨੇ ਗਾਰਲੈਂਡ ''ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣਾ ਪਿਆ। 
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਕੈਲਗਰੀ ਦੀ ਜੇਲ ਵਿਖੇ ਰਾਤ 10.30 ਵਜੇ ਦੇ ਕਰੀਬ ਇਕ ਐਂਬੂਲੈਂਸ ਪਹੁੰਚੀ। ਜਿਸ ਵਿਚ ਗਾਰਲੈਂਡ ਨੂੰ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਗਾਰਲੈਂਡ ਨੇ ਸਾਲ 2014 ਵਿਚ ਨਾਥਨ ਅਤੇ ਉਸ ਦੇ ਦਾਦਾ-ਦਾਦੀ ਨੂੰ ਦਰਦਨਾਕ ਮੌਤ ਦਿੱਤੀ ਸੀ। ਤਿੰਨ ਕਤਲਾਂ ਦੀ ਇਹ ਵਾਰਦਾਤ ਇੰਨੀਂ ਭਿਆਨਕ ਸੀ ਕਿ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਵੀ ਕਹਿ ਦਿੱਤਾ ਕਿ ਕਿਸੀ ਅਦਾਲਤ ਵਿਚ ਇਸ ਮਾਮਲੇ ਦਾ ਇਨਸਾਫ ਨਹੀਂ ਹੋ ਸਕਦਾ। ਇਸ ਮਾਮਲੇ ਦੀ ਭਿਆਨਕਤਾ ਦਾ ਪਤਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਿਸੇ ਨਾ ਕਿਸੇ ਅਪਰਾਧ ਵਿਚ ਜੇਲ ਵਿਚ ਪਹੁੰਚੇ ਕੈਦੀ ਵੀ ਗਾਰਲੈਂਡ ਨੂੰ ਨਫਰਤ ਕਰਦੇ ਹਨ ਅਤੇ ਉਨ੍ਹਾਂ ਨੇ ਉਸ ''ਤੇ ਹਮਲਾ ਕਰ ਦਿੱਤਾ।
ਗਾਰਲੈਂਡ ਨੇ ਨਾਥਨ ਅਤੇ ਉਸ ਦੇ ਦਾਦਾ-ਦਾਦੀ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਿਆ ਸੀ। ਗਾਰਲੈਂਡ ਨੂੰ ਆਪਣੇ ਕੀਤੇ ''ਤੇ ਕਦੇ ਵੀ ਪਛਤਾਵਾ ਨਹੀਂ ਹੋਇਆ ਸੀ। ਅਦਾਲਤ ਵਲੋਂ ਗਾਰਲੈਂਡ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਵਿਚ ਮੌਜੂਦ ਨਾਥਨ ਦੇ ਮਾਤਾ-ਪਿਤਾ ਭੁੱਬਾਂ ਮਾਰ ਰੋਏ ਸਨ। ਨਾਥਨ ਦੇ ਪਿਤਾ ਨੇ ਕਿਹਾ ਕਿ ਇਸ ਧਰਤੀ ''ਤੇ ਮਿਲੀ ਕੋਈ ਵੀ ਸਜ਼ਾ ਉਸ ਦੇ ਬੇਟੇ ਅਤੇ ਮਾਤਾ-ਪਿਤਾ ਦੀ ਮੌਤ ਦਾ ਇਨਸਾਫ ਨਹੀਂ ਕਰ ਸਕਦੀ, ਉਸ ਦਾ ਅਸਲ ਇਨਸਾਫ ਇਸ ਦੁਨੀਆ ਤੋਂ ਬਾਅਦ ਹੀ ਹੋਵੇਗਾ।

Kulvinder Mahi

News Editor

Related News