ਲੋਂਬਾਰਦੀਆ ਵਿੱਚ ਨਵੀਆਂ ਮਸਜਿਦਾਂ ਦੀ ਉਸਾਰੀ ’ਤੇ ਪਾਬੰਦੀਆਂ ਲਈ ਲੇਗਾ ਪਾਰਟੀ ਵੱਲੋਂ ਕਾਨੂੰਨੀ ਪ੍ਰਸਤਾਵ ਪੇਸ਼

Saturday, Oct 17, 2026 - 05:05 PM (IST)

ਲੋਂਬਾਰਦੀਆ ਵਿੱਚ ਨਵੀਆਂ ਮਸਜਿਦਾਂ ਦੀ ਉਸਾਰੀ ’ਤੇ ਪਾਬੰਦੀਆਂ ਲਈ ਲੇਗਾ ਪਾਰਟੀ ਵੱਲੋਂ ਕਾਨੂੰਨੀ ਪ੍ਰਸਤਾਵ ਪੇਸ਼

ਰੋਮ (ਟੇਕ ਚੰਦ ਜਗਤਪੁਰ)– ਇਟਲੀ ਦੇ ਲੋਂਬਾਰਦੀਆ ਖੇਤਰ 'ਚ ਲੇਗਾ ਪਾਰਟੀ ਨੇ ਮਸਜਿਦਾਂ ਦੀ ਉਸਾਰੀ ਅਤੇ ਧਾਰਮਿਕ ਸਥਾਨਾਂ ਦੀ ਵਰਤੋਂ ਸਬੰਧੀ ਨਵੇਂ ਕਾਨੂੰਨੀ ਨਿਯਮ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਹੈ। ਪਾਰਟੀ ਨੇ ਇਸ ਮੁਹਿੰਮ ਨੂੰ 'ਸਟਾਪ ਮਸਜਿਦੇ ਇਨ ਲੋਂਬਾਰਦੀਆ' ਨਾਂ ਦਿੱਤਾ ਹੈ। 

ਇਸ ਪ੍ਰਸਤਾਵ ਦਾ ਮੁੱਖ ਉਦੇਸ਼ ਨਵੇਂ ਇਸਲਾਮੀ ਧਾਰਮਿਕ ਸਥਾਨਾਂ ਦੀ ਮਨਜ਼ੂਰੀ ਲਈ ਸਖ਼ਤ ਸ਼ਰਤਾਂ ਲਾਗੂ ਕਰਨਾ ਅਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਧਾਰਮਿਕ ਸਥਾਨਾਂ ਵਿਰੁੱਧ ਕਾਰਵਾਈ ਨੂੰ ਮਜ਼ਬੂਤ ਕਰਨਾ ਹੈ। ਲੇਗਾ ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪਾਰਟੀ ਦੇ ਸਕੱਤਰ ਮੱਤੇਓ ਸਾਲਵੀਨੀ, ਲੋਂਬਾਰਦੀਆ ਖੇਤਰੀ ਕੌਂਸਲ ਵਿੱਚ ਪਾਰਟੀ ਦੇ ਆਗੂ ਅਲੇਸਾਂਦਰੋ ਕੋਰਬੇੱਤਾ ਅਤੇ ਹੋਰ ਖੇਤਰੀ ਕੌਂਸਲਰਾਂ ਨੇ ਮਿਲ ਕੇ ਇਹ ਕਾਨੂੰਨੀ ਪ੍ਰਸਤਾਵ ਪੇਸ਼ ਕੀਤਾ ਹੈ।

ਪਾਰਟੀ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨਾਲ ਲੋੜੀਂਦਾ ਸਮਝੌਤਾ ਕੀਤੇ ਬਿਨਾਂ ਕਿਸੇ ਨਵੀਂ ਮਸਜਿਦ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ, ਉਨ੍ਹਾਂ ਧਾਰਮਿਕ ਸਥਾਨਾਂ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਹੈ, ਜਿਨ੍ਹਾਂ ਬਾਰੇ ਪਾਰਟੀ ਦਾ ਦਾਅਵਾ ਹੈ ਕਿ ਉਹ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।


author

Harpreet SIngh

Content Editor

Related News