ਨੇਪਾਲ ਹੜ੍ਹ ਪੀੜਤਾਂ ਦੀ ਮਦਦ ਲਈ ਸਕੂਲੀ ਵਿਦਿਆਰਥੀਆਂ ਨੇ ਤੋੜ'ਤੀਆਂ ਗੁੱਲਕਾਂ, ਦਾਨ ਕੀਤਾ ਆਪਣਾ ਜੇਬ ਖਰਚ
Thursday, Sep 03, 2026 - 04:45 PM (IST)
ਕਾਠਮੰਡੂ (ਭਾਸ਼ਾ): ਨੇਪਾਲ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਕਾਰਨ ਜਿੱਥੇ ਚਾਰੋਂ ਪਾਸੇ ਭਾਰੀ ਤਬਾਹੀ ਮਚੀ ਹੋਈ ਹੈ, ਉੱਥੇ ਹੀ ਇਸ ਔਖੀ ਘੜੀ ਵਿੱਚ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਨੇ ਮਾਨਵਤਾ ਦੀ ਇੱਕ ਅਜਿਹੀ ਬੇਮਿਸਾਲ ਮਿਸਾਲ ਪੇਸ਼ ਕੀਤੀ ਹੈ ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਹੜ੍ਹ ਪ੍ਰਭਾਵਿਤ ਰਸੁਵਾ ਅਤੇ ਹੋਰਨਾਂ ਖੇਤਰਾਂ ਵਿੱਚ ਸਕੂਲ ਤਬਾਹ ਹੋਣ, ਪਰਿਵਾਰਾਂ ਦੇ ਵਿਛੜਨ ਅਤੇ ਮਾਸੂਮਾਂ ਦੀ ਦਰਦਨਾਕ ਸਥਿਤੀ ਨੂੰ ਟੈਲੀਵਿਜ਼ਨ 'ਤੇ ਦੇਖ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਦਿਲ ਪਿਘਲ ਗਿਆ ਹੈ। ਇਨ੍ਹਾਂ ਬੱਚਿਆਂ ਨੇ ਆਪਣੇ ਜਲਪਾਨ ਦੇ ਪੈਸੇ, ਗੁੱਲਕਾਂ ਵਿੱਚ ਜਮ੍ਹਾਂ ਕੀਤੀ ਪੂੰਜੀ ਅਤੇ ਆਪਣੇ ਜੇਬ ਖ਼ਰਚ ਵਿੱਚੋਂ ਪੈਸੇ ਬਚਾ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕੀਤੇ ਹਨ।
'ਦ ਕਾਠਮੰਡੂ ਪੋਸਟ' ਦੀ ਰਿਪੋਰਟ ਅਨੁਸਾਰ ਨੇਪਾਲ ਦੇ ਅਛਾਮ ਜ਼ਿਲ੍ਹੇ ਦੇ ਮੰਗਲਸੇਨ ਵਿੱਚ ਸਥਿਤ ਸ਼ੋਡਸ਼ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਯੂਨਿਕ ਕੇਸੀ ਦੇ ਸੁਝਾਅ 'ਤੇ ਸਕੂਲ ਦੇ 'ਬਾਲ ਕਲੱਬ' ਨੇ ਚੰਦਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਬੱਚਿਆਂ ਨੇ ਆਪਣੀਆਂ ਜਮਾਤਾਂ ਵਿੱਚ ਜਾ ਕੇ ਸਵੈ-ਇੱਛਾ ਨਾਲ 5 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਯੋਗਦਾਨ ਪਾਇਆ। ਦਸਵੀਂ ਜਮਾਤ ਦੀ ਵਿਦਿਆਰਥਣ ਲਕਸ਼ਮੀ ਸ਼ਾਹੀ ਨੇ ਦੱਸਿਆ ਕਿ ਇਸ ਮੁਹਿੰਮ ਦੀ ਸਭ ਤੋਂ ਭਾਵੁਕ ਗੱਲ ਇਹ ਰਹੀ ਕਿ ਸਕੂਲ ਦੇ ਉਨ੍ਹਾਂ 7 ਬੱਚਿਆਂ ਨੇ ਵੀ ਇਸ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਨੇ ਇਸ ਆਫ਼ਤ ਵਿੱਚ ਆਪਣੇ ਮਾਤਾ-ਪਿਤਾ ਨੂੰ ਗਵਾ ਦਿੱਤਾ ਹੈ। ਬੱਚਿਆਂ ਨੇ ਦੋ ਦਿਨਾਂ ਵਿੱਚ ਕੁੱਲ 14,255 ਨੇਪਾਲੀ ਰੁਪਏ ਜਮ੍ਹਾਂ ਕੀਤੇ, ਜਿਨ੍ਹਾਂ ਨੂੰ ਅਧਿਆਪਕ ਧਨ ਕੁਮਾਰ ਕੇਸੀ ਦੀ ਮਦਦ ਨਾਲ 'ਰਾਸ਼ਟਰੀ ਵਣਜ ਬੈਂਕ' ਰਾਹੀਂ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰਗਤੀਸ਼ੀਲ ਬੇਸਿਕ ਸਕੂਲ ਦੇ ਬੱਚਿਆਂ ਨੇ ਵੀ ਆਪਣੇ ਇੱਕ ਦਿਨ ਦੇ ਜਲਪਾਨ ਦੇ ਪੈਸੇ ਬਚਾ ਕੇ 585 ਰੁਪਏ ਰਾਹਤ ਕੋਸ਼ ਵਿੱਚ ਭੇਜੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ
ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਕਪਿਲਵਸਤੂ ਦੇ ਰਾਸ਼ਟਰੀ ਜਨਹਿਤ ਸੈਕੰਡਰੀ ਸਕੂਲ ਤੋਂ ਸਾਹਮਣੇ ਆਈ ਹੈ। ਇੱਥੇ ਪੰਜਵੀਂ ਜਮਾਤ ਦੀ 9 ਸਾਲਾ ਸੌਮਿਆ ਉਪਾਧਿਆਏ ਨੇ ਬੁੱਧਵਾਰ ਨੂੰ ਆਪਣੇ ਮਾਤਾ-ਪਿਤਾ ਤੋਂ ਰੋਜ਼ਾਨਾ ਨਾਲੋਂ 20 ਰੁਪਏ ਵੱਧ ਮੰਗੇ ਅਤੇ ਆਪਣੇ ਜਲਪਾਨ ਦੇ ਕੁੱਲ 50 ਰੁਪਏ ਦਾਨ ਪੇਟੀ ਵਿੱਚ ਪਾ ਦਿੱਤੇ। ਉਸ ਦੇ ਨਾਲ ਹੀ ਤੀਜੀ ਜਮਾਤ ਦੀ 7 ਸਾਲਾ ਰਾਧਿਕਾ ਕੋਹਰ ਨੇ ਵੀ ਆਪਣੇ 30 ਰੁਪਏ ਦਾਨ ਕਰ ਦਿੱਤੇ। ਇਨ੍ਹਾਂ ਦੋਵਾਂ ਮਾਸੂਮ ਬੱਚੀਆਂ ਨੇ ਉਸ ਦਿਨ ਖੁਦ ਕੁਝ ਨਹੀਂ ਖਾਧਾ ਅਤੇ ਭੁੱਖੇ ਪੇਟ ਰਹਿ ਕੇ ਪੀੜਤਾਂ ਦੀ ਮਦਦ ਕੀਤੀ। ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਸਕੂਲ ਦੇ 200 ਤੋਂ ਵੱਧ ਬੱਚਿਆਂ ਨੇ ਚੰਦਾ ਇਕੱਠਾ ਕਰਕੇ ਕੁੱਲ 10,050 ਰੁਪਏ ਪ੍ਰਧਾਨ ਮੰਤਰੀ ਕੁਦਰਤੀ ਆਫ਼ਤ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾਏ।
ਰੌਤਹਤ ਜ਼ਿਲ੍ਹੇ ਦੇ ਪ੍ਰੇਮਪੁਰ ਗੋਨਾਹੀ ਮਾਧਮਿਕ ਵਿਦਿਆਲਿਆ ਦੇ 26 ਵਿਦਿਆਰਥੀਆਂ ਨੇ ਆਪਣੇ ਜਲਪਾਨ ਵਿੱਚੋਂ 5 ਅਤੇ 10 ਰੁਪਏ ਦੇ ਸਿੱਕੇ ਬਚਾ ਕੇ ਕੁੱਲ 470 ਰੁਪਏ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾਏ। ਇਸ ਪਹਿਲ 'ਤੇ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਯਾਦਵ ਨੇ ਬੇਹੱਦ ਭਾਵੁਕ ਸ਼ਬਦਾਂ ਵਿੱਚ ਕਿਹਾ, "ਭੂਗੋਲ ਲੋਕਾਂ ਨੂੰ ਇੱਕ ਦੂਜੇ ਤੋਂ ਵੱਖ ਰੱਖ ਸਕਦਾ ਹੈ, ਪਰ ਦੁੱਖ ਅਤੇ ਪੀੜਾ ਸਾਂਝੀ ਹੁੰਦੀ ਹੈ"। ਇਸ ਤੋਂ ਇਲਾਵਾ ਕਾਠਮੰਡੂ ਦੇ ਮਨਮੈਜੂ ਮਾਧਮਿਕ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਵੀ ਆਪਣੇ ਜਲਪਾਨ ਦੇ ਖ਼ਰਚੇ ਵਿੱਚ ਕਟੌਤੀ ਕਰਕੇ 37,110 ਨੇਪਾਲੀ ਰੁਪਏ ਜਮ੍ਹਾਂ ਕਰਵਾ ਕੇ ਇਸ ਮੁਹਿੰਮ ਵਿੱਚ ਵੱਡਾ ਹਿੱਸਾ ਪਾਇਆ ਹੈ।ਸਰਕਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਦੁਪਹਿਰ ਤੱਕ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਕੁੱਲ 7.77 ਅਰਬ ਨੇਪਾਲੀ ਰੁਪਏ ਜਮ੍ਹਾਂ ਹੋ ਚੁੱਕੇ ਸਨ, ਜਦੋਂ ਕਿ ਸਰਕਾਰ ਦੇ ਡਾਲਰ ਖਾਤੇ ਵਿੱਚ ਲਗਭਗ 60 ਲੱਖ (6 ਮਿਲੀਅਨ) ਅਮਰੀਕੀ ਡਾਲਰ ਦੀ ਰਾਹਤ ਰਾਸ਼ੀ ਪਹੁੰਚ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ ਦੀ PM ਜਾਰਜੀਆ ਮੇਲੋਨੀ ਨੇ ਰਚਿਆ ਇਤਿਹਾਸ ! ਤੋੜ'ਤਾ 80 ਸਾਲ ਪੁਰਾਣਾ ਰਿਕਾਰਡ
ਜ਼ਿਕਰਯੋਗ ਹੈ ਕਿ ਨੇਪਾਲ-ਤਿੱਬਤ ਸਰਹੱਦ ਦੇ ਨੇੜੇ 26 ਅਗਸਤ ਨੂੰ ਬਰਫ਼ ਅਤੇ ਚੱਟਾਨਾਂ ਦੇ ਖਿਸਕਣ (ਕਾਰਨ ਭੋਟੇ ਕੋਸ਼ੀ ਨਦੀ ਵਿੱਚ ਅਚਾਨਕ ਭਿਆਨਕ ਹੜ੍ਹ ਆ ਗਏ ਸਨ, ਜਿਸ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਰਸੁਵਾ, ਨੁਵਾਕੋਟ ਅਤੇ ਧਾਦਿੰਗ ਜ਼ਿਲ੍ਹਿਆਂ ਵਿੱਚ ਕਈ ਸਕੂਲਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ ਜਮਾਤਾਂ ਵਿੱਚ ਚਿੱਕੜ, ਰੇਤ ਅਤੇ ਗਾਦ ਭਰ ਚੁੱਕੀ ਹੈ। ਵੀਰਵਾਰ ਤੱਕ ਮਿਲੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,250 ਤੋਂ ਪਾਰ ਹੋ ਗਈ ਹੈ, ਜਦੋਂ ਕਿ 4,800 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
