ਬੰਗਲਾਦੇਸ਼ ''ਚ ਮਹਿੰਗੇ ਇਲਾਜ ਦੇ ਚੱਕਰਵਿਊ ''ਚ ਫ਼ਸੇ ਲੱਖਾਂ ਲੋਕ ! ਜੇਬ ''ਤੇ ਪੈ ਰਿਹਾ ਵਾਧੂ ਬੋਝ
Sunday, Nov 01, 2026 - 03:51 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਗਰੀਬ ਅਤੇ ਆਮ ਨਾਗਰਿਕਾਂ ਲਈ ਬੀਮਾਰੀ ਨਾਲੋਂ ਵੀ ਵੱਡੀ ਚੁਣੌਤੀ ਇਲਾਜ ਦੇ ਭਾਰੀ ਖਰਚੇ ਚੁੱਕਣਾ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਅਕਤੂਬਰ 2026 'ਚ ਜਾਰੀ ਕੀਤੀ ਗਈ ਗਲੋਬਲ ਰਿਪੋਰਟ ਅਤੇ ਵਰਲਡ ਬੈਂਕ ਦੇ ਅੰਕੜਿਆਂ ਮੁਤਾਬਕ ਬੰਗਲਾਦੇਸ਼ 'ਚ ਹੈਲਥ ਸੈਕਟਰ 'ਚ ਵੱਡੇ ਪੱਧਰ 'ਤੇ ਅਸਮਾਨਤਾ ਫੈਲੀ ਹੋਈ ਹੈ, ਜਿੱਥੇ ਲੋਕਾਂ ਨੂੰ ਆਪਣੀ ਜੇਬ 'ਚੋਂ 79.31 ਫੀਸਦੀ ਖਰਚਾ ਖੁਦ ਕਰਨਾ ਪੈਂਦਾ ਹੈ।
ਬੰਗਲਾਦੇਸ਼ 'ਚ ਕੁੱਲ ਮੌਤਾਂ 'ਚੋਂ 71 ਫੀਸਦੀ ਮੌਤਾਂ ਸ਼ੂਗਰ, ਕੈਂਸਰ, ਦਿਲ ਅਤੇ ਸਾਹ ਦੀਆਂ ਲੰਮੀਆਂ ਬੀਮਾਰੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਬੀਮਾਰੀਆਂ ਦੇ ਇਲਾਜ ਦਾ 79.31 ਫ਼ੀਸਦੀ ਖਰਚਾ ਮਰੀਜ਼ਾਂ ਨੂੰ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਹੈ, ਜਿਸ ਨਾਲ ਲੱਖਾਂ ਪਰਿਵਾਰ ਗਰੀਬੀ ਦੇ ਚੱਕਰਵਿਊ 'ਚ ਫਸ ਜਾਂਦੇ ਹਨ।
WHO ਦੀ ਰਿਪੋਰਟ ਦਰਸਾਉਂਦੀ ਹੈ ਕਿ ਨਾਗਰਿਕ ਦੀ ਆਮਦਨ, ਸਿੱਖਿਆ ਦਾ ਪੱਧਰ ਅਤੇ ਰਹਿਣ-ਸਹਿਣ ਇਹ ਤੈਅ ਕਰਦਾ ਹੈ ਕਿ ਉਸ ਨੂੰ ਕਿਹੋ ਜਿਹੀਆਂ ਸਿਹਤ ਸੇਵਾਵਾਂ ਮਿਲਣਗੀਆਂ। ਪੇਂਡੂ ਖੇਤਰਾਂ 'ਚ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਔਰਤਾਂ ਲਈ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਵਰਗੀਆਂ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਕਮੀ ਹੈ।
ਦਿਹਾੜੀਦਾਰ ਮਜ਼ਦੂਰਾਂ, ਰਿਕਸ਼ਾ ਚਾਲਕਾਂ ਅਤੇ ਗਾਰਮੈਂਟ ਫੈਕਟਰੀ ਵਰਕਰਾਂ ਵਰਗੇ ਕਮਜ਼ੋਰ ਵਰਗ ਦੇ ਲੋਕਾਂ ਕੋਲ ਪੌਸ਼ਟਿਕ ਭੋਜਨ ਖਰੀਦਣ ਅਤੇ ਨਿਯਮਿਤ ਦਵਾਈਆਂ ਲੈਣ 'ਚੋਂ ਇੱਕ ਦੀ ਚੋਣ ਕਰਨ ਦੀ ਮਜਬੂਰੀ ਹੁੰਦੀ ਹੈ। ਗੰਧਲਾ ਵਾਤਾਵਰਣ ਅਤੇ ਹੈਲਦੀ ਲਾਈਫਸਟਾਈਲ ਲਈ ਸਾਧਨਾਂ ਦੀ ਕਮੀ ਖਤਰੇ ਨੂੰ ਹੋਰ ਵਧਾਉਂਦੀ ਹੈ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਬੀਮਾਰੀਆਂ ਦੀ ਰੋਕਥਾਮ ਕਾਫ਼ੀ ਨਹੀਂ ਹੈ। ਸਰਕਾਰ ਨੂੰ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਮੁਫ਼ਤ ਜਾਂਚਾਂ ਅਤੇ ਜ਼ਰੂਰੀ ਦਵਾਈਆਂ ਦੀ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰਾਂ ਨੂੰ ਇਲਾਜ ਲਈ ਆਪਣੀ ਰੋਟੀ ਜਾਂ ਸਿੱਖਿਆ ਨਾਲ ਸਮਝੌਤਾ ਨਾ ਕਰਨਾ ਪਵੇ।
