ਕੀ ਅਮਰੀਕਾ ''ਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਗੇ ਟਰੰਪ? ਭਾਰਤੀਆਂ ਨੂੰ ਲੈ ਕੇ ਆਖੀ ਇਹ ਗੱਲ
Monday, Sep 16, 2024 - 09:21 AM (IST)

ਵਾਸ਼ਿੰਗਟਨ : ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ। 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤਾ ਹੈ।
ਇਸ ਇੰਟਰਵਿਊ 'ਚ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ ਉਹ ਕਾਨੂੰਨੀ ਪ੍ਰਵਾਸੀਆਂ, ਖਾਸ ਕਰਕੇ ਭਾਰਤੀਆਂ ਦਾ ਸਵਾਗਤ ਕਰਨਗੇ।
ਗੈਰ-ਕਾਨੂੰਨੀ ਇਮੀਗ੍ਰੇਸ਼ਨ ਬਾਰੇ ਕਹੀ ਇਹ ਗੱਲ
ਗੈਰ-ਕਾਨੂੰਨੀ ਇਮੀਗ੍ਰੇਸ਼ਨ ਬਾਰੇ ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪਰਵਾਸ ਨੂੰ ਲੈ ਕੇ ਮੇਰਾ ਰਵੱਈਆ ਹਮੇਸ਼ਾ ਸਖਤ ਰਿਹਾ ਹੈ। ਰਾਸ਼ਟਰਪਤੀ ਦੇ ਤੌਰ 'ਤੇ ਮੈਂ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਦਿਖਾਈ ਸੀ। ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਾਨੂੰਨੀ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦਾ ਸਵਾਗਤ ਕਰਦਾ ਹਾਂ। ਹਾਲ ਹੀ 'ਚ ਮੈਂ ਕਿਹਾ ਸੀ ਕਿ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਆਟੋਮੈਟਿਕ ਰੂਟ ਰਾਹੀਂ ਅਮਰੀਕਾ ਵਿੱਚ ਸੈਟਲ ਹੋਣ ਲਈ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਾਰਵਰਡ ਅਤੇ ਐੱਮਆਈਟੀ ਵਿਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਖ਼ਤਮ ਹੁੰਦੇ ਹੀ ਆਪਣੇ ਦੇਸ਼ ਪਰਤ ਜਾਂਦੇ ਹਨ। ਇਹ ਅਮਰੀਕਾ ਲਈ ਬਹੁਤ ਵੱਡਾ ਨੁਕਸਾਨ ਹੈ। ਇਸ ਕਾਰਨ ਮੈਂ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਲੋਕਾਂ ਨੂੰ ਗ੍ਰੀਨ ਕਾਰਡ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸਕੀਮ ਡਿਗਰੀ ਧਾਰਕਾਂ ਅਤੇ ਹੁਨਰਮੰਦ ਕਾਮਿਆਂ ਲਈ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਹੋਵੇਗੀ। ਇਸ ਤੋਂ ਇਲਾਵਾ ਹੋਰ ਅਮਰੀਕੀ ਕਾਮੇ ਵੀ ਆਪਣੀ ਨੌਕਰੀ ਨਹੀਂ ਗੁਆਣਗੇ।
ਕਮਲਾ ਹੈਰਿਸ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਇੰਟਰਵਿਊ 'ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਮੀਗ੍ਰੇਸ਼ਨ 'ਤੇ ਕਮਲਾ ਹੈਰਿਸ ਤੋਂ ਕਿਵੇਂ ਵੱਖ ਹਨ? ਤਾਂ ਉਸ ਨੇ ਜਵਾਬ ਦਿੱਤਾ, ਕਿ ਕਾਮਰੇਡ ਕਮਲਾ ਹੈਰਿਸ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਹੀ ਦੁਨੀਆ ਭਰ ਦੇ ਅੱਤਵਾਦੀ ਦੇਸ਼ 'ਚ ਆ ਗਏ ਹਨ। ਉਨ੍ਹਾਂ ਦੀ ਘੁਸਪੈਠ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਗਏ। ਇਹ ਲੋਕ ਅਮਰੀਕਾ 'ਚ ਜੰਗਲ ਰਾਜ ਬਣਾ ਰਹੇ ਹਨ। ਰਾਸ਼ਟਰਪਤੀ ਬਣਨ 'ਤੇ ਇਨ੍ਹਾਂ ਦੋ ਕਰੋੜ ਘੁਸਪੈਠੀਆਂ ਨੂੰ ਦੇਸ਼ ਵਿੱਚੋਂ ਕੱਢਣ ਵਾਲਾ ਹਾਂ। ਕਮਲਾ ਅਜੇ ਤੱਕ ਨਾ ਤਾਂ ਅਜਿਹਾ ਕਰ ਸਕੀ ਤੇ ਨਾ ਹੀ ਅੱਗੇ ਅਜਿਹਾ ਕਰ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਾ ਮੁੱਦਾ ਉਠਾਇਆ ਹੈ।