ਰਾਸ਼ਟਰਪਤੀ ਅਹੁਦਾ ਛੱਡਣ ਮਗਰੋਂ ਸਮੁੰਦਰ ਕਿਨਾਰੇ ਆਲੀਸ਼ਾਨ ਰਿਜ਼ੋਰਟ 'ਚ ਰਹਿਣ ਪੁੱਜੇ ਟਰੰਪ
Friday, Jan 22, 2021 - 10:08 AM (IST)
ਫਲੋਰੀਡਾ- ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇਸ ਬਾਰੇ ਕਾਫ਼ੀ ਚਰਚਾ ਹੋਈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਿੱਥੇ ਰਹਿਣਗੇ। ਟਰੰਪ ਆਖ਼ਰਕਾਰ ਬੁੱਧਵਾਰ ਨੂੰ ਵਾਸ਼ਿੰਗਟਨ ਤੋਂ ਬਾਹਰ ਆ ਗਏ। ਫਿਲਹਾਲ, ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਫਲੋਰੀਡਾ ਦੇ ਇਕ ਰਿਜ਼ੋਰਟ ਹੋਮ ਵਿਚ ਰਹਿਣਗੇ।
ਫਲੋਰੀਡਾ ਵਿਚ ਮਾਰ-ਏ-ਲਾਗੋ ਇਕ ਇਤਿਹਾਸਕ ਸਥਾਨ ਹੈ, ਜਿੱਥੇ ਟਰੰਪ ਰਹਿ ਰਹੇ ਹਨ। ਇਹ 1927 ਵਿਚ ਬਣਾਇਆ ਗਿਆ ਸੀ। ਇਸ ਵਿਚ 126 ਕਮਰੇ ਹਨ। ਮਾਰ-ਏ-ਲਾਗੋ ਕਲੱਬ ਹੈ, ਜਿਸ ਵਿਚ ਮੈਂਬਰਸ਼ਿਪ ਦੇ ਆਧਾਰ 'ਤੇ ਐਂਟਰੀ ਮਿਲਦੀ ਹੈ। ਡੋਨਾਲਡ ਟਰੰਪ ਨੇ 1985 ਵਿਚ ਮਾਰ-ਏ-ਲਾਗੋ ਨੂੰ ਤਕਰੀਬਨ 73 ਕਰੋੜ ਰੁਪਏ ਵਿਚ ਖਰੀਦਿਆ ਸੀ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਈਡੇਨ ਦੇ ਸਹੁੰ ਚੁੱਕਣ ਤੋਂ ਠੀਕ ਪਹਿਲਾਂ ਆਪਣੇ ਸਰਕਾਰੀ ਜਹਾਜ਼ ਏਅਰ ਫੋਰਸ ਵਨ ਰਾਹੀਂ ਬੁੱਧਵਾਰ ਨੂੰ ਫਲੋਰੀਡਾ ਪਹੁੰਚੇ । ਇਸ ਸਮੇਂ ਦੌਰਾਨ ਸੈਂਕੜੇ ਲੋਕ ਟਰੰਪ ਦੇ ਸਵਾਗਤ ਲਈ ਸੜਕ ਕਿਨਾਰੇ ਖੜ੍ਹੇ ਦਿਖਾਈ ਦਿੱਤੇ।
74 ਸਾਲਾ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ 2024 ਵਿਚ ਇਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ। ਵਾਲ ਸਟ੍ਰੀਟ ਦੀ ਖ਼ਬਰ ਮੁਤਾਬਕ ਟਰੰਪ ਇਕ ਨਵੀਂ ਪਾਰਟੀ ਬਣਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਖ਼ਿਲਾਫ਼ ਸੰਸਦ 'ਤੇ ਹਿੰਸਕ ਭੀੜ ਹਮਲੇ ਨੂੰ ਲੈ ਕੇ ਟ੍ਰਾਇਲ ਵੀ ਚੱਲ ਰਿਹਾ ਹੈ। ਟ੍ਰਾਇਲ ਰਾਹੀਂ ਟਰੰਪ ਨੂੰ ਅਗਲੀ ਵਾਰ ਚੋਣਾਂ ਲੜਨ ਤੋਂ ਵੀ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੱਛਮੀ ਆਸਟ੍ਰੇਲੀਆ ‘ਚ ਬੰਗਾ ਦੇ ਜੰਮਪਲ ਜਰਨੈਲ ਸਿੰਘ ਭੌਰ ਬਣੇ ਜਸਟਿਸ ਆਫ਼ ਪੀਸ
ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਟਰੰਪ ਦਾ ਮਾਰ-ਏ-ਲੈਗੋ ਬੀਚ ਰਿਜ਼ੋਰਟ ਵਿਚ ਲੰਬੇ ਸਮੇਂ ਤੱਕ ਰਹਿਣਾ ਮੁਸ਼ਕਲਾਂ ਖੜ੍ਹੀਆਂ ਕਰਨ ਵਾਲਾ ਸਕਦਾ ਹੈ ਕਿਉਂਕਿ ਜਿਹੜੇ ਸਥਾਨਕ ਲੋਕ ਉਥੇ ਰਹਿੰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਟਰੰਪ ਰਿਜ਼ੋਰਟ ਨੂੰ ਘਰ ਬਣਾ ਕੇ ਰਹਿੰਦੇ ਹਨ ਤਾਂ ਸੁਰੱਖਿਆ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਵੇਗੀ। ਫਿਲਹਾਲ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿੰਨੇ ਸਮੇਂ ਲਈ ਇਸ ਰਿਜ਼ੋਰਟ ਵਿਚ ਰਹਿਣ ਲਈ ਗਏ ਹਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ