ਟਰੰਪ ਦੇ ਸਲਾਹਕਾਰ ਨਵਾਰੋ ਨੇ ਕਿਹਾ- ਮੋਦੀ ਨੂੰ ਪੁਤਿਨ-ਜਿਨਪਿੰਗ ਨਾਲ ਦੇਖਣਾ ਸ਼ਰਮਨਾਕ
Wednesday, Sep 03, 2025 - 09:51 AM (IST)

ਵਾਸ਼ਿੰਗਟਨ- ਟਰੰਪ ਦੇ ਟਰੇਡ ਸਲਾਹਕਾਰ ਪੀਟਰ ਨਵਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਅਤੇ ਚੀਨ ਦੇ ਨੇਤਾਵਾਂ ਨਾਲ ਨੇੜਤਾ ’ਤੇ ਇਤਰਾਜ਼ ਪ੍ਰਗਟਾਇਆ ਹੈ। ਨਵਾਰੋ ਨੇ ਕਿਹਾ ਕਿ ਮੋਦੀ ਦਾ ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ ਨਾਲ ਖੜ੍ਹਾ ਹੋਣਾ ਸ਼ਰਮਨਾਕ ਹੈ।
ਨਵਾਰੋ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਮੋਦੀ ਨੂੰ ਦੋ ਸਭ ਤੋਂ ਵੱਡੇ ਤਾਨਾਸ਼ਾਹਾਂ, ਪੁਤਿਨ ਅਤੇ ਸ਼ੀ ਜਿਨਪਿੰਗ ਨਾਲ ਦੇਖਿਆ ਜਾਣਾ ਬਹੁਤ ਸ਼ਰਮ ਦੀ ਗੱਲ ਹੈ ਹੈ। ਇਸ ਦਾ ਕੋਈ ਮਤਲਬ ਨਹੀਂ ਹੈ। ਨਵਾਰੋ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਹਨ, ਜਦੋਂ ਭਾਰਤ ਅਤੇ ਅਮਰੀਕਾ ਦੇ ਸਬੰਧ ਨਾਜ਼ੁਕ ਪੜਾਅ ’ਚੋਂ ਲੰਘ ਰਹੇ ਹਨ। ਵਪਾਰ ਤੇ ਟੈਰਿਫ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਾਲੇ ਸਬੰਧ ਵਿਗੜਨ ਤੋਂ ਬਾਅਦ ਨਵਾਰੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਮਨ ’ਚ ਕੀ ਹੈ, ਸਮਝ ’ਚ ਨਹੀਂ ਆਉਂਦਾ
ਨਵਾਰੋ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ’ਚ ਕੀ ਹੈ, ਖਾਸ ਕਰ ਕੇ ਉਦੋਂ ਜਦੋਂ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਚੀਨ ਨਾਲ ਕਦੇ ਠੰਢੀ ਜੰਗ ਤਾਂ ਕਦੇ ਸਿੱਧੇ ਸੰਘਰਸ਼ ਦੀ ਸਥਿਤੀ ’ਚ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਨੇਤਾ ਇਹ ਸਮਝਣਗੇ ਕਿ ਉਨ੍ਹਾਂ ਨੂੰ ਰੂਸ ਨਾਲ ਨਹੀਂ, ਸਗੋਂ ਸਾਡੇ, ਯੂਰਪ ਅਤੇ ਯੂਕ੍ਰੇਨ ਨਾਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਰੂਸ ਤੋਂ ਤੇਲ ਖਰੀਦਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਨਵਾਰੋ ਨੇ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ਵਿਚ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਜੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਭਾਰਤ ਅਤੇ ਚੀਨ ਵਿਚਾਲੇ ਦਹਾਕਿਆਂ ਤੋਂ ਠੰਢੀ ਜੰਗ ਜਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜਿੰਗ (ਚੀਨ) ਨੇ ‘ਪਾਕਿਸਤਾਨ ਦੀ ਫੌਜ ਨੂੰ ਫੰਡ ਮੁਹੱਈਆ ਕਰਵਾਇਆ ਅਤੇ ਉਸ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ’ਚ ਮਦਦ ਕੀਤੀ ਹੈ। ਚੀਨ ਨੇ ਵਾਰ-ਵਾਰ ਭਾਰਤ ’ਤੇ, ਖਾਸ ਕਰ ਕੇ ਅਕਸਾਈ ਚਿੰਨ੍ਹ ’ਚ ਹਮਲਾ ਕੀਤਾ ਹੈ। ਚੀਨ ਨੇ ਅਸਲ ਵਿਚ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਹੁਣ ਚੀਨੀ ਸਮੁੰਦਰੀ ਫੌਜ ਹਿੰਦ ਮਹਾਸਾਗਰ ਦੇ ਅੰਦਰ ਤੱਕ ਗਸ਼ਤ ਕਰ ਰਹੀ ਹੈ ਅਤੇ ਉੱਥੇ ਭਾਰਤੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8