ਟਰੰਪ ਨੇ ਪ੍ਰੋਟੋਕਾਲ ਤੋੜ ਕੇ ਟਰੂਡੋ ਨੂੰ ਦਿੱਤਾ ਆਪਣਾ ਮੋਬਾਈਲ ਨੰਬਰ, ਕਿਹਾ...
Wednesday, May 31, 2017 - 03:41 PM (IST)

ਓਟਾਵਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਆਪਣੀਆਂ ਹਰਕਤਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਇਸੇ ਲੜੀ ਵਿਚ ਉਨ੍ਹਾਂ ਨੇ ਦੁਨੀਆ ਦੇ ਚੋਟੀ ਦੇ ਨੇਤਾਵਾਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਜੀ-7 ਸੰਮੇਲਨ ਵਿਚ ਸ਼ਾਮਲ ਹੋਣ ਗਏ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਹੋਰ ਨੇਤਾਵਾਂ ਨੂੰ ਆਪਣਾ ਨਿੱਜੀ ਮੋਬਾਈਲ ਨੰਬਰ ਦੇ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਸਿੱਧੀ ਕਾਲ ਕਰ ਸਕਦੇ ਹਨ। ਟਰੰਪ ਦੀ ਇਸ ਹਰਕਤ ਨੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਨਿੱਜਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਸ ਦੀ ਇਹ ਹਰਕਤ ਡਿਪਲੋਮੈਟਿਕ ਪ੍ਰੋਟੋਕਾਲ ਦੇ ਵੀ ਖਿਲਾਫ ਹੈ।
ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਟਰੂਡੋ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮੌਕੇ ਦਾ ਲਾਭ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਚੁੱਕਿਆ ਅਤੇ ਨੰਬਰ ਸਵੀਕਾਰ ਕਰ ਲਿਆ।
ਟਰੂਡੋ ਤੋਂ ਇਲਾਵਾ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੂੰ ਵੀ ਆਪਣਾ ਮੋਬਾਈਲ ਨੰਬਰ ਦਿੱਤਾ ਹੈ। ਫਿਲਹਾਲ ਇਸ ਘਟਨਾ ਬਾਰੇ ਕੁਝ ਵੀ ਬੋਲਣ ਤੋਂ ਟਰੂਡੋ ਦੇ ਆਫਿਸ ਅਤੇ ਵਾਈਟ ਹਾਊਸ ਨੇ ਇਨਕਾਰ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਦੁਨੀਆ ਦੇ ਇਹ ਚੋਟੀ ਦੇ ਨੇਤਾ ਟਰੰਪ ਦਾ ਫੋਨ ਕਦੋਂ ਖੜਕਾਉਂਦੇ ਹਨ ਅਤੇ ਕੀ ਗੱਲ ਕਰਦੇ ਹਨ?