ਟਰੰਪ ਨੇ ਪੀ. ਐੱਮ. ਟਰੂਡੋ ਨੂੰ ਕਿਹਾ- ''ਤੁਸੀਂ ਲੋਕਾਂ ਨੇ ਵੀ ਤਾਂ ਵ੍ਹਾਈਟ ਹਾਊਸ ਸਾੜ ਹੀ ਦਿੱਤਾ ਸੀ''

Thursday, Jun 07, 2018 - 06:04 PM (IST)

ਟਰੰਪ ਨੇ ਪੀ. ਐੱਮ. ਟਰੂਡੋ ਨੂੰ ਕਿਹਾ- ''ਤੁਸੀਂ ਲੋਕਾਂ ਨੇ ਵੀ ਤਾਂ ਵ੍ਹਾਈਟ ਹਾਊਸ ਸਾੜ ਹੀ ਦਿੱਤਾ ਸੀ''

ਵਾਸ਼ਿੰਗਟਨ/ਟੋਰਾਂਟੋ— ਦੁਨੀਆ ਦੇ ਨੇਤਾਵਾਂ ਵਿਚਾਲੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਜਾਂ ਬਹਿਸ ਹੁੰਦੀ ਹੀ ਰਹਿੰਦੀ ਹੈ। ਬੀਤੀ 25 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ 'ਤੇ ਗੱਲਬਾਤ ਹੋਈ। ਇਸ ਗੱਲਬਾਤ ਦਾ ਮੁੱਦਾ ਸੀ ਕੈਨੇਡਾ ਤੋਂ ਅਮਰੀਕਾ ਇੰਪੋਰਟ ਹੋਣ ਵਾਲਾ ਸਟੀਲ ਅਤੇ ਐਲੂਮੀਨੀਅਮ 'ਤੇ ਲਾਏ ਗਏ ਨਵੇਂ ਟੈਰਿਫ (ਟੈਕਸ) ਦਾ। ਟਰੂਡੋ ਨੇ ਟਰੰਪ ਵਲੋਂ ਸਟੀਲ ਅਤੇ ਐਲੂਮੀਨੀਅਮ 'ਤੇ ਲਾਏ ਗਏ ਇੰਪੋਰਟ ਟੈਰਿਫ ਨੂੰ ਲੈ ਕੇ ਚਰਚਾ ਕੀਤੀ। ਦਰਅਸਲ ਅਮਰੀਕਾ ਨੇ ਸਟੀਲ ਦੇ ਇੰਪੋਰਟ 'ਤੇ 10 ਫੀਸਦੀ ਅਤੇ ਐਲੂਮੀਨੀਅਮ 'ਤੇ 25 ਫੀਸਦੀ ਟੈਰਿਫ ਵਧਾਉਣ ਦਾ ਫੈਸਲਾ ਕੀਤਾ। ਇਸ ਗੱਲਬਾਤ ਦੌਰਾਨ ਟਰੰਪ ਨੇ ਪੁਰਾਣੀਆਂ ਗੱਲਾਂ ਨੂੰ ਦੋਹਰਾਇਆ ਅਤੇ ਗਲਤ ਇਤਿਹਾਸਕ ਸੰਦਰਭ ਦਾ ਜ਼ਿਕਰ ਤੱਕ ਕਰ ਦਿੱਤਾ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜਸਟਿਨ ਟਰੂਡੋ ਨੇ ਟਰੰਪ ਨੂੰ ਕਿਹਾ ਕਿ ਉਹ ਟੈਰਿਫ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਨਾਲ ਕਿਵੇਂ ਜੋੜ ਸਕਦੇ ਹਨ ਤਾਂ ਇਸ ਦੇ ਜਵਾਬ 'ਚ ਟਰੰਪ ਨੇ 1812 ਦੇ ਯੁੱਧ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੀ ਤੁਸੀਂ ਲੋਕਾਂ ਨੇ ਵ੍ਹਾਈਟ ਹਾਊਸ ਨੂੰ ਸਾੜਿਆ ਨਹੀਂ ਸੀ?
ਇਤਿਹਾਸ ਦੇ ਪੰਨਿਆਂ 'ਤੇ ਝਾਤ ਮਾਰੀ ਜਾਵੇ ਤਾਂ ਸੱਚਾਈ ਕੁਝ ਹੋਰ ਹੀ ਸੀ। ਦਰਅਸਲ 1812 ਦੇ ਯੁੱਧ ਦੌਰਾਨ ਬ੍ਰਿਟਿਸ਼ ਫੌਜੀਆਂ ਨੇ ਵ੍ਹਾਈਟ ਹਾਊਸ ਨੂੰ ਸਾੜ ਦਿੱਤਾ ਸੀ। ਇਤਿਹਾਸਕਾਰਾਂ ਮੁਤਾਬਕ ਅਮਰੀਕਾ 'ਤੇ ਇਹ ਹਮਲਾ ਬ੍ਰਿਟੇਨ ਨੇ ਕੀਤਾ ਸੀ। ਅਜਿਹਾ ਅਮਰੀਕਾ ਤੋਂ ਬਦਲਾ ਲੈਣ ਲਈ ਕੀਤਾ ਗਿਆ ਸੀ। ਅਮਰੀਕਾ ਨੇ ਯਾਰਕ ਅਤੇ ਓਨਟਾਰੀਓ 'ਤੇ ਹਮਲੇ ਕੀਤੇ ਸਨ, ਜੋ ਬਾਅਦ 'ਚ ਕੈਨੇਡਾ ਬਣਿਆ। ਇਹ ਸਾਰੇ ਸ਼ਹਿਰਾਂ 'ਤੇ ਉਸ ਸਮੇਂ ਬ੍ਰਿਟਿਸ਼ ਰਾਜ਼ ਸੀ। ਸੂਤਰਾਂ ਮੁਤਾਬਕ ਭਾਵੇਂ ਹੀ ਇਹ ਟਰੰਪ ਦਾ ਮਜ਼ਾਕ ਹੋਵੇ ਪਰ ਅਮਰੀਕਾ ਵਿਚ ਰਹਿ ਰਹੇ ਕੈਨੇਡਾ ਦੇ ਲੋਕ ਇਸ ਨੂੰ ਗੰਭੀਰਤਾ ਨਾਲ ਜ਼ਰੂਰ ਲੈਣਗੇ।


Related News