ਕੈਨੇਡਾ ਦੇ ਕੁੱਤੇ ਨੇ ਦਿੱਤਾ ਬੀਮਾਰੀ ਨਾਲ ਪੀੜਤ ਬੱਚੇ ਨੂੰ ਨਵਾਂ ਜੀਵਨ (ਦੇਖੋ ਤਸਵੀਰਾਂ)

10/23/2016 11:56:42 AM

ਓਟਾਵਾ— ਕੁੱਤੇ ਨੂੰ ਮਨੁੱਖ ਦਾ ਸਭ ਤੋਂ ਵਫਾਦਾਰ ਦੋਸਤ ਮੰਨਿਆ ਜਾਂਦਾ ਹੈ ਪਰ ਇਹ ਕਈ ਵਾਰ ਆਪਣੇ ਮਾਲਕਾਂ ਲਈ ਉਹ ਸਭ ਕੁਝ ਕਰ ਜਾਂਦਾ ਹੈ,ਜੋ ਕੋਈ ਹੋਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਆਟਿਜ਼ਮ ਵਰਗੀ ਬੀਮਾਰੀ ਨਾਲ ਪੀੜਤ ਜਾਪਾਨ ਦੇ ਬੱਚੇ ਨੂੰ ਕੈਨੇਡਾ ਦੇ ਕੁੱਤੇ ਨੇ ਨਵਾਂ ਜੀਵਨ ਦੇ ਦਿੱਤਾ ਤਾਂ ਉਸ ਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਜਾਪਾਨ ਦਾ ਕਾਈਨਾਓ ਨਿਹਾਉਸ ਆਟਿਜ਼ਮ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਵਿਚ ਬੱਚੇ ਦੇ ਮਾਨਸਿਕ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ, ਜਿਸ ਕਰਕੇ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ। ਅਜਿਹੇ ਬੱਚੇ ਜਾਂ ਵਿਅਕਤੀ ਦੇ ਸਮਾਜਕ ਸੰਪਰਕ, ਭਾਸ਼ਾ ਦੇ ਗਿਆਨ ਅਤੇ ਸਰੀਰਕ ਵਿਵਹਾਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਕਾਈਨਾਓ ਦੀ ਮਾਂ ਸ਼ਾਨਾ ਸ਼ਾਇਦ ਜਾਣਦੀ ਸੀ ਕਿ ਇਕ ਜਾਨਵਰ ਹੀ ਉਸ ਦੇ ਬੱਚੇ ਦੇ ਅੰਦਰੂਨੀ ਬੱਚੇ ਨੂੰ ਬਾਹਰ ਲਿਆ ਸਕਦਾ ਹੈ। ਇਸ ਲਈ ਉਸ ਨੇ ਜਾਪਾਨ ਵਿਚ ਜਾਨਵਰ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਸੀ। ਪੰਜ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਕੋਈ ਜਾਨਵਰ ਮੁਹੱਈਆ ਨਹੀਂ ਕਰਵਾਇਆ ਗਿਆ ਤਾਂ ਸ਼ਾਨਾ ਆਪਣੇ ਬੱਚੇ ਨੂੰ ਲੈ ਕੇ ਕੈਨੇਡਾ ਦੇ ''ਦਿ ਫੋਰ ਪਾਜ਼ ਏਬੀਲਿਟੀ ਸੈਂਟਰ'' ਵਿਖੇ ਆ ਗਈ। ਇਹ ਇਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਅਪਾਹਜ਼, ਸੁਣਨ ਅਤੇ ਦੇਖਣ ਦੀ ਅਸਮਰੱਥ ਬਜ਼ੁਰਗਾਂ ਦੀ ਸੇਵਾ ਲਈ ਸਰਵਿਸ ਡੌਗ ਮੁਹੱਈਆ ਕਰਵਾਉਂਦੀ ਹੈ। ਇਸ ਸੰਸਥਾ ਨੇ ਕਾਈਨਾਓ ਨੂੰ ਇਕ ਕੁੱਤਾ ਮੁਹੱਈਆ ਕਰਵਾਇਆ, ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। 
ਕਾਈਨਾਓ ਦੀ ਮਾਂ ਸ਼ਾਨਾ ਨੇ ਫੇਸਬੁੱਕ ''ਤੇ ਕੁੱਤੇ ''ਤੇ ਸਿਰ ਰੱਖ ਕੇ ਪਏ ਆਪਣੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ— ''ਮੈਂ ਇਸ ਤਰ੍ਹਾਂ ਦੇ ਪਲ ਦਾ ਅਨੁਭਵ ਕਦੇ ਨਹੀਂ ਕੀਤਾ।'' ਇਕ ਮਾਂ ਲਈ ਉਸ ਦੇ ਬੱਚੇ ਦਾ ਪਿਆਰ ਹਾਸਲ ਕਰਨਾ ਹੀ ਸਭ ਤੋਂ ਵੱਡਾ ਸੁੱਖ ਹੁੰਦਾ ਹੈ। ਇਸ ਸੁੱਖ ਤੋਂ ਵਾਂਝੀ ਸ਼ਾਨਾ ਜਦੋਂ ਇਕ ਕੁੱਤੇ ''ਤੇ ਪਿਆਰ ਲੁਟਾਉਂਦੇ ਹੋਏ ਆਪਣੇ ਬੱਚੇ ਨੂੰ ਦੇਖਦੀ ਹੈ ਤਾਂ ਉਸ ਦੀ ਅਤਮਾ ਤ੍ਰਿਪਤ ਹੋ ਜਾਂਦੀ ਹੈ। ਜੇਕਰ ਕਿਹਾ ਜਾਵੇ ਕਿ ਇਹ ਜਾਨਵਰ ਕਾਈਨਾਓ ਅਤੇ ਉਸ ਦੀ ਮਾਂ ਦੇ ਜੀਵਨ ਵਿਚ ਖੁਸ਼ੀਆਂ ਦੀ ਬਹਾਰ ਲੈ ਕੇ ਆਇਆ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਨਾ ਨੇ ਕਿਹਾ ਕਿ ਇਕ ਮਾਨਸਿਕ ਤੌਰ ''ਤੇ ਬੀਮਾਰ ਬੱਚੇ ਦੀ ਮਾਂ ਹੋਣ ਨਾਅਤੇ ਉਸ ਨੇ ਬਹੁਤ ਸਾਰੇ ਦਰਦ ਭਰੇ ਪਲ ਦੇਖੇ ਹਨ ਅਤੇ ਉਹ ਬਹੁਤ ਵਾਰ ਰੋਈ ਹੈ ਪਰ ਪਹਿਲੀ ਵਾਰ ਇਸ ਪਲ ਨੂੰ ਦੇਖ ਕੇ ਉਹ ਖੁਸ਼ੀ ਨਾਲ ਰੋ ਪਈ। ਉਸ ਨੇ ਕਿਹਾ ਕਿ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇਖ ਕੇ ਉਸ ਨੂੰ ਜੋ ਅਹਿਸਾਸ ਹੋਇਆ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

Kulvinder Mahi

News Editor

Related News