ਯੁੱਧ ਵਿਚਾਲੇ ਯੂਕ੍ਰੇਨ 'ਚ ਨਵਜੰਮੇ 'ਬੱਚਿਆਂ' ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਡਾਕਟਰ

Monday, Aug 22, 2022 - 12:53 PM (IST)

ਯੁੱਧ ਵਿਚਾਲੇ ਯੂਕ੍ਰੇਨ 'ਚ ਨਵਜੰਮੇ 'ਬੱਚਿਆਂ' ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਡਾਕਟਰ

ਪੋਕਰੋਵਸਕ (ਏਜੰਸੀ): ਪੂਰਬੀ ਯੂਕ੍ਰੇਨ ਦੇ ਪੋਕਰੋਵਸਕ ਪੇਰੀਨੇਟਲ ਹਸਪਤਾਲ ਦੇ ਗਲਿਆਰੇ ਵਿੱਚ ਛੋਟੀ ਵੇਰੋਨਿਕਾ ਦੀ ਰੋਣ ਦੀ ਆਵਾਜ਼ ਦੂਰੋਂ ਸੁਣੀ ਜਾ ਸਕਦੀ ਹੈ।ਸਮੇਂ ਤੋਂ ਪਹਿਲਾਂ ਜਨਮੀ ਵੇਰੋਨਿਕਾ ਦਾ ਵਜ਼ਨ 1.5 ਕਿਲੋਗ੍ਰਾਮ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਇੱਕ ਨੱਕ ਵਿਚ ਨਲੀ ਲਗਾ ਕੇ ਆਕਸੀਜਨ ਦਿੱਤੀ ਜਾ ਰਹੀ ਹੈ। ਪੀਲੀਆ ਤੋਂ ਪੀੜਤ ਹੋਣ ਕਾਰਨ ਉਸ ਨੂੰ ‘ਇਨਕਿਊਬੇਟਰ’ ਵਿੱਚ ਰੱਖਿਆ ਗਿਆ ਹੈ। ਡਾਕਟਰ ਟੈਟਿਆਨਾ ਮਾਈਰੋਸ਼ਿੰਚੇਨਕੋ ਉਸਦੀ ਦੇਖਭਾਲ ਕਰ ਰਹੀ ਹੈ। ਡਾਕਟਰ ਨੇ ਬਹੁਤ ਧਿਆਨ ਨਾਲ ਟਿਊਬਾਂ ਨੂੰ ਵੇਰੋਨਿਕਾ ਨਾਲ ਜੋੜਿਆ ਹੈ ਤਾਂ ਜੋ ਬੱਚੇ ਦੀ ਮਾਂ ਦਾ ਦੁੱਧ ਉਸ ਨੂੰ ਪਿਲਾਇਆ ਜਾ ਸਕੇ। 

ਫਰਵਰੀ ਦੇ ਅਖੀਰ ਵਿੱਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਪਹਿਲਾਂ ਦੇਸ਼ ਦੇ ਯੁੱਧ ਪ੍ਰਭਾਵਿਤ ਡੋਨੇਟਸਕ ਖੇਤਰ ਦੇ ਰਾਜ-ਨਿਯੰਤਰਿਤ ਖੇਤਰਾਂ ਵਿੱਚ ਤਿੰਨ ਹਸਪਤਾਲਾਂ ਵਿੱਚ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਲਈ ਸਹੂਲਤਾਂ ਸਨ। ਉਨ੍ਹਾਂ ਵਿੱਚੋਂ ਇੱਕ ਰੂਸੀ ਹਵਾਈ ਹਮਲੇ ਵਿੱਚ ਤਬਾਹ ਹੋ ਗਿਆ ਸੀ, ਜਦੋਂ ਕਿ ਦੂਜੇ ਨੂੰ ਯੁੱਧ ਕਾਰਨ ਬੰਦ ਕਰਨਾ ਪਿਆ ਸੀ। ਹੁਣ ਸਿਰਫ਼ ਪੋਕਰੋਵਸਕ ਦੇ ਹਸਪਤਾਲ ਵਿੱਚ ਅਜਿਹੇ ਬੱਚਿਆਂ ਦੀ ਦੇਖਭਾਲ ਦਾ ਪ੍ਰਬੰਧ ਹੈ। ਹਸਪਤਾਲ ਦੀ ਇਕਲੌਤੀ ਨਿਓਨੈਟੋਲੋਜਿਸਟ (ਨਵਜੰਮੇ ਬੱਚਿਆਂ ਵਿੱਚ ਮਾਹਰ) ਮਾਈਰੋਸ਼ਿੰਚੇਂਕੋ ਹੁਣ ਹਸਪਤਾਲ ਵਿੱਚ ਰਹਿੰਦੀ ਹੈ। ਉਸ ਦਾ ਤਿੰਨ ਸਾਲ ਦਾ ਬੇਟਾ ਕੁਝ ਦਿਨ ਹਸਪਤਾਲ ਵਿਚ ਆਪਣੀ ਮਾਂ ਨਾਲ ਅਤੇ ਕੁਝ ਦਿਨ ਆਪਣੇ ਪਿਤਾ ਨਾਲ ਘਰ ਵਿਚ ਬਿਤਾਉਂਦਾ ਹੈ। ਮਾਈਰੋਸ਼ਿਨਚੇਂਕੋ ਦਾ ਪਤੀ ਕੋਲੇ ਦੀ ਖਾਨ ਵਿੱਚ ਕੰਮ ਕਰਦਾ ਹੈ। 

PunjabKesari

ਡਾਕਟਰ ਨੇ ਕਿਹਾ ਕਿ ਉਨ੍ਹਾਂ ਲਈ ਹਸਪਤਾਲ ਵਿਚ ਰਹਿਣਾ ਜ਼ਰੂਰੀ ਸੀ ਕਿਉਂਕਿ ਹਵਾਈ ਹਮਲੇ ਦੀ ਚੇਤਾਵਨੀ 'ਸਾਈਰਨ' ਦੀ ਆਵਾਜ਼ ਦੇ ਬਾਵਜੂਦ 'ਇਨਕਿਊਬੇਟਰ ਵਾਰਡ' ਵਿਚ ਬੱਚਿਆਂ ਨੂੰ ਜੀਵਨ ਰੱਖਿਅਕ ਮਸ਼ੀਨਾਂ ਤੋਂ ਹਟਾਇਆ ਨਹੀਂ ਜਾ ਸਕਦਾ ਸੀ। ਉਸ ਨੇ ਕਿਹਾ ਕਿ ਜੇਕਰ ਮੈਂ ਵੇਰੋਨਿਕਾ ਨੂੰ ਪਨਾਹਗਾਹ 'ਤੇ ਲੈ ਜਾਂਦੀ ਹਾਂ, ਤਾਂ ਇਸ 'ਚ ਪੰਜ ਮਿੰਟ ਲੱਗਣਗੇ, ਪਰ ਉਸ ਲਈ ਉਹ ਪੰਜ ਮਿੰਟ ਬਹੁਤ ਨਾਜ਼ੁਕ ਹੋ ਸਕਦੇ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੇਂ ਤੋ ਪਹਿਲਾਂ ਜਾਂ ਕੁਝ ਸਮੱਸਿਆਵਾਂ ਨਾਲ ਪੈਦਾ ਹੋਏ ਬੱਚਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਗਭਗ ਦੁੱਗਣੀ ਹੈ। ਤਣਾਅ ਅਤੇ ਤੇਜ਼ੀ ਨਾਲ ਵਿਗੜ ਰਹੇ ਜੀਵਨ ਪੱਧਰ ਕਾਰਨ ਗਰਭਵਤੀ ਔਰਤਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਅਸਰ ਪੈ ਰਿਹਾ ਹੈ। ਰੂਸ ਅਤੇ ਇਸ ਦੇ ਸਮਰਥਕ ਵੱਖਵਾਦੀਆਂ ਨੇ ਹੁਣ ਡਨੇਟਸਕ ਖੇਤਰ ਦੇ ਅੱਧੇ ਤੋਂ ਵੱਧ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਪੋਕਰੋਵਸਕ ਅਜੇ ਵੀ ਯੂਕ੍ਰੇਨ ਸਰਕਾਰ ਦੇ ਕੰਟਰੋਲ ਵਿੱਚ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਬਰੈਂਪਟਨ ਸਿਵਲ ਚੋਣਾਂ 'ਚ 40 ਪੰਜਾਬੀ ਮੈਦਾਨ 'ਚ, ਜਾਣੋ ਕਿਨ੍ਹਾਂ ਉਮੀਦਵਾਰਾਂ 'ਚ ਹੋਵੇਗੀ ਸਖ਼ਤ ਟੱਕਰ

ਮਾਈਰੋਸ਼ਿੰਚੇਨਕੋ ਨੇ ਕਿਹਾ ਕਿ ਅਸੀਂ ਇਸ ਬਾਰੇ ਚਿੰਤਤ ਹਾਂ ਕਿ ਇਸ ਇਮਾਰਤ ਦੇ ਬਾਹਰ ਕੀ ਹੋ ਰਿਹਾ ਹੈ ਪਰ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ। ਮਾਈਰੋਸ਼ਿੰਚੇਨਕੋ ਨੇ ਕਿਹਾ ਕਿ ਇਸ ਸਮੇਂ ਉਸਦੀ ਤਰਜੀਹ ਬੱਚੀ ਦੀ ਦੇਖਭਾਲ ਕਰਨਾ ਹੈ। ਮੁੱਖ ਡਾਕਟਰ ਇਵਾਨ ਸਿਗਾਨੋਕ ਨੇ ਕਿਹਾ ਕਿ ਬੱਚਿਆਂ ਦਾ ਜਨਮ ਕੋਈ ਅਜਿਹਾ ਕੰਮ ਨਹੀਂ ਹੈ ਜਿਸ ਨੂੰ ਰੋਕਿਆ ਜਾ ਸਕਦਾ ਹੈ ਜਾਂ ਜਿਸਦਾ ਸਮਾਂ ਬਦਲਿਆ ਜਾ ਸਕਦਾ ਹੈ। ਉਸਨੇ ਅੱਗੇ ਕਿਹਾ ਕਿ ਪੋਕਰੋਵਸਕ ਤੋਂ ਬਾਹਰ ਕਿਤੇ ਵੀ ਜਣੇਪਾ ਹਸਪਤਾਲ ਸਥਾਪਤ ਕਰਨਾ ਸੰਭਵ ਨਹੀਂ ਹੈ। ਪੋਕਰੋਵਸਕ ਵਿੱਚ ਇੱਕ ਦੋ ਦਿਨ ਦੀ ਧੀ ਦੀ ਮਾਂ, 23 ਸਾਲਾ ਇੰਨਾ ਕਿਸਲੀਚੇਂਕੋ ਨੇ ਕਿਹਾ ਕਿ ਉਹ ਹਸਪਤਾਲ ਛੱਡਣ ਤੋਂ ਬਾਅਦ ਪੱਛਮ ਵਿੱਚ ਯੂਕ੍ਰੇਨ ਵਿੱਚ ਸੁਰੱਖਿਅਤ ਖੇਤਰਾਂ ਵਿੱਚ ਜਾਣ ਬਾਰੇ ਵਿਚਾਰ ਕਰ ਰਹੀ ਹੈ। ਉਸਨੇ ਕਿਹਾ ਕਿ ਮੈਂ ਸਾਰੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਬਾਰੇ ਚਿੰਤਤ ਹਾਂ, ਨਾ ਸਿਰਫ ਮੇਰੇ ਆਪਣੇ ਬੱਚੇ ਬਲਕਿ ਯੂਕ੍ਰੇਨ ਦੇ ਸਾਰੇ ਬੱਚਿਆਂ ਲਈ, ਪੂਰੇ ਯੂਕ੍ਰੇਨ ਲਈ।ਸੰਯੁਕਤ ਰਾਸ਼ਟਰ ਰਾਹਤ ਏਜੰਸੀਆਂ ਦੇ ਅਨੁਸਾਰ ਯੁੱਧ ਕਾਰਨ ਯੂਕ੍ਰੇਨ ਵਿੱਚ 1.2 ਕਰੋੜ ਤੋਂ  ਵੱਧ ਲੋਕ ਆਪਣੇ ਘਰ ਛੱਡ ਚੁੱਕੇ ਹਨ। ਇਨ੍ਹਾਂ ਵਿੱਚੋਂ ਅੱਧੇ ਲੋਕਾਂ ਨੇ ਯੂਕ੍ਰੇਨ ਵਿੱਚ ਹੀ ਕਿਤੇ ਹੋਰ ਸ਼ਰਨ ਲਈ ਹੈ, ਜਦੋਂ ਕਿ ਬਾਕੀ ਯੂਰਪੀ ਦੇਸ਼ਾਂ ਵਿੱਚ ਚਲੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News