ਇਟਲੀ 'ਚੋਂ ਕਈ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਹੁਕਮ, ਆਖਰ ਕੌਣ ਫੜੇਗਾ ਬੇਵੱਸ ਪੰਜਾਬੀਆਂ ਦੀ ਬਾਂਹ ?
Friday, May 29, 2020 - 11:14 AM (IST)
ਮਿਲਾਨ, (ਸਾਬੀ ਚੀਨੀਆ)- ਇਟਲੀ ਸਰਕਾਰ ਵੱਲੋਂ 5 ਲੱਖ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬੀ ਨੌਜਵਾਨਾਂ ਦੇ ਚਿਹਰਿਆਂ 'ਤੇ ਪੱਕੇ ਹੋਣ ਦੀ ਖੁਸ਼ੀ ਨੂੰ ਤਾਂ ਵੇਖਿਆ ਜਾ ਸਕਦਾ ਹੈ ਪਰ ਨਾਲ ਦੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਭਾਰਤੀ ਅੰਬੈਸੀ ਮਿਆਦ ਮੁੱਕ ਚੁੱਕੇ ਪਾਸਪੋਰਟ ਤਾਂ ਰੀਨਿਊ ਕਰ ਰਹੀ ਹੈ ਪਰ ਜਿਨ੍ਹਾਂ ਦੇ ਪੁਰਾਣੇ ਪਾਸਪੋਰਟ ਗੁਆਚ ਗਏ ਜਾਂ ਇਟਲੀ ਆਉਣ ਮੌਕੇ ਏਜੰਟਾਂ ਨੇ ਖੋਹ ਲਏ ਸਨ, ਉਨ੍ਹਾਂ ਦੀ ਬਾਂਹ ਫੜ੍ਹਨ ਨੂੰ ਕੋਈ ਵੀ ਤਿਆਰ ਨਹੀਂ ਹੋ ਰਿਹਾ ।
ਰੋਮ ਤੇ ਮਿਲਾਨ ਜਰਨਲ ਕੌਂਸਲਟ ਵੱਲੋਂ ਗੁਆਚੇ ਪਾਸਪੋਰਟ ਨੂੰ ਅਪਲਾਈ ਕਰਨ ਵਾਲਿਆਂ ਤੋਂ ਪੁਲਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਲਈ ਬਹੁਤ ਮੁਸ਼ਕਲ ਕੰਮ ਹੈ ,ਜਿਸ ਕਰਕੇ ਬਹੁਤੇ ਪੰਜਾਬੀ ਨੌਜਵਾਨਾਂ ਦੇ ਹਲਾਤ ਤਰਸਯੋਗ ਬਣੇ ਹੋਏ ਹਨ। ਇਹ ਗੱਲ ਤਾਂ ਪੱਕੀ ਹੈ ਜੇ ਇਨ੍ਹਾਂ ਲੋੜਵੰਦਾਂ ਕੋਲ ਇਸ ਮੌਕੇ ਭਾਰਤੀ ਪਾਸਪੋਰਟ ਨਾ ਹੋਇਆ ਤਾਂ ਉਹ ਪੱਕੇ ਨਹੀਂ ਹੋ ਸਕਦੇ ਜੇ ਪੁਲਸ ਰਿਪੋਰਟ ਲਿਖਾਉਣ ਲਈ ਥਾਣੇ ਜਾਂਦੇ ਹਨ ਤਾਂ ਪੁਲਸ ਗ੍ਰਿਫਤਾਰ ਕਰਕੇ ਹੱਥਾਂ ਦੇ ਨਿਸ਼ਾਨ ਲੈਣ ਤੋਂ ਬਾਅਦ ਦੇਸ਼ ਨਿਕਾਲਾ ਦੇ ਹੁਕਮ ਦੇ ਰਹੀ ਹੈ ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅਜਿਹੇ ਕਈ ਵਿਅਕਤੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਾਸਪੋਰਟ ਲੌਸ ਰਿਪੋਰਟ ਤੋਂ ਬਿਨਾਂ ਬਣਾ ਕੇ ਦਿੱਤੇ ਜਾਣ ਤਾਂ ਜੋ ਅਗਲਾ ਸਫਰ ਸੁਖਾਲਾ ਹੋ ਸਕੇ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਜੇ ਉਹ ਪਾਸਪੋਰਟ ਬਣਾਉਣ ਲਈ ਪੁਲਸ ਥਾਣਿਆਂ ਵਿਚ ਧੱਕੇ ਖਾਂਦੇ ਰਹੇ ਤਾਂ ਪੇਪਰ ਬਣਾਉਣ ਲਈ ਲੋੜੀਂਦੀ ਕਾਰਵਾਈ ਵੱਲ ਧਿਆਨ ਕਦੋਂ ਦੇ ਸਕਣਗੇ।