ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਨਾਲ ਪਾਕਿ ਦੇ ਸਿੱਖ ਭਾਈਚਾਰੇ ’ਚ ਰੋਸ
Wednesday, Aug 18, 2021 - 05:46 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਪੇਸ਼ਾਵਰ ’ਚ ਸਿੱਖ ਭਾਈਚਾਰੇ ਨੇ ਕਿਹਾ ਹੈ ਕਿ ਲਾਹੌਰ ਦੇ ਕਿਲ੍ਹੇ ’ਚ ਲੱਗੇ ਸਿੱਖਾਂ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਪੰਜਾਬ ਸੂਬੇ ਦੇ ਅਧਿਕਾਰੀ ਜੇ ਰੱਖਿਆ ਨਹੀਂ ਕਰ ਸਕਦੇ ਤਾਂ ਉਹ ਬੁੱਤ ਨੂੰ ਇਥੇ ਲੈ ਜਾਣਗੇ। ਬੁੱਤ ਨੂੰ ਇੱਕ ਕੱਟੜਪੰਥੀ ਨੌਜਵਾਨ ਨੇ ਤੋੜ ਦਿੱਤਾ ਸੀ। ਪਾਬੰਦੀਸ਼ੁਦਾ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਇੱਕ ਕਾਰਕੁੰਨ ਨੇ ਮਹਾਰਾਜਾ ਰਣਜੀਤ ਸਿੰਘ ਦੇ 9 ਫੁੱਟ ਉੱਚੇ ਕਾਂਸੀ ਦੇ ਬੁੱਤ ਨੂੰ ਮੰਗਲਵਾਰ ਤੋੜ ਦਿੱਤਾ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਵੀਡੀਓ ’ਚ ਉਹ ਨਾਅਰੇ ਲਗਾਉਂਦੇ ਹੋਏ ਮੂਰਤੀ ਦਾ ਹੱਥ ਤੋੜਦਿਆਂ ਘੋੜੇ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਉਤਾਰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਤਾਜਿਕਸਤਾਨ ’ਚ ਅਫਗਾਨ ਦੂਤਘਰ ’ਚੋਂ ਉਤਾਰ ਸੁੱਟੀ ਰਾਸ਼ਟਰਪਤੀ ਅਸ਼ਰਫ ਗਨੀ ਦੀ ਫੋਟੋ
ਪੇਸ਼ਾਵਰ ’ਚ ਸਿੱਖ ਭਾਈਚਾਰੇ ਦੇ ਨੇਤਾ ਗੋਰਪਾਲ ਸਿੰਘ ਨੇ ਮੰਗਲਵਾਰ ਕਿਹਾ ਕਿ ਜੇ ਪੰਜਾਬ ਸਰਕਾਰ ਬੁੱਤ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਉਹ ਇਸ ਨੂੰ ਸ਼ਹਿਰ ’ਚ ਲਿਆਉਣਗੇ। ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇੱਕ ਵਫਦ ਪੇਸ਼ਾਵਰ ’ਚ ਬੁੱਤ ਲਿਆਉਣ ਲਈ ਲਾਹੌਰ ਜਾਵੇਗਾ। ਉਨ੍ਹਾਂ ਕਿਹਾ ਕਿ ਤਕਰੀਬਨ ਛੇ ਸਾਲ ਪਹਿਲਾਂ ਪੇਸ਼ਾਵਰ ਦੇ ਇਤਿਹਾਸਕ ਬਾਲਾਹਿਸਾਰ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਗਾਈ ਗਈ ਸੀ ਅਤੇ ਇਹ ਅਜੇ ਵੀ ਬਰਕਰਾਰ ਹੈ, ਜਦਕਿ ਪੰਜਾਬ ਸਰਕਾਰ ਇੱਕ ਬੁੱਤ ਦੀ ਸੁਰੱਖਿਆ ਕਰਨ ’ਚ ਅਸਮਰੱਥ ਹੈ। ਸਿੰਘ ਨੇ ਕਿਹਾ ਕਿ ਮੂਰਤੀ ’ਤੇ ਵਾਰ -ਵਾਰ ਹਮਲਿਆਂ ਕਾਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।