ਬ੍ਰਿਟੇਨ ''ਚ ਚਚੇਰੇ ਭਰਾ-ਭੈਣ ਦੇ ਵਿਆਹ ''ਤੇ ਪਾਬੰਦੀ ਲਗਾਉਣ ਦੀ ਮੰਗ, ਭਾਰਤੀ ਮੂਲ ਦੇ MP ਨੇ ਕੀਤਾ ਵਿਰੋਧ
Thursday, Dec 12, 2024 - 12:50 PM (IST)
ਲੰਡਨ (ਏਜੰਸੀ)- ਬ੍ਰਿਟੇਨ ਵਿਚ ਕੰਜ਼ਰਵੇਟਿਵ ਐੱਮ.ਪੀ. ਰਿਚਰਡ ਹੋਲਡਨ ਵੱਲੋਂ ਸੰਸਦ ਵਿਚ ਇਕ ਬਿੱਲ ਪੇਸ਼ ਕਰਕੇ ਚਚੇਰੇ ਭਰਾ-ਭੈਣਾਂ ਵਿਚਾਲੇ ਵਿਆਹ 'ਤੇ ਪਾਬੰਦੀ ਲਾਗਉਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਇਸ ਪ੍ਰਥਾ ਕਾਰਨ ਬੱਚਿਆਂ ਵਿਚ ਜਨਮਜਾਤ ਨੁਕਸ ਹੋਣ ਦਾ ਖ਼ਤਰਾ ਜ਼ਿਆਦਾ ਹੈ। ਉਥੇ ਹੀ ਭਾਰਤੀ ਮੂਲ ਦੇ ਸੰਸਦ ਮੈਂਬਰ ਇਕਬਾਲ ਮੁਹੰਮਦ ਨੇ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੇ ਗਏ ਇਸ ਨਵੇਂ ਬਿੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚਚੇਰੇ ਭਰਾ-ਭੈਣ ਦੇ ਵਿਆਹ 'ਤੇ ਪਾਬੰਦੀ ਲਗਾਉਣਾ ਠੀਕ ਨਹੀਂ ਹੈ। ਗੁਜਰਾਤੀ ਮੂਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਸਮੱਸਿਆ ਨੂੰ ਜਾਗਰੂਕਤਾ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਇਕਬਾਲ ਮੁਹੰਮਦ ਮੂਲ ਰੂਪ ਤੋਂ ਗੁਜਰਾਤ ਦੇ ਰਹਿਣ ਵਾਲੇ ਹਨ।
ਔਕਸਫੋਰਡ ਜਰਨਲ ਆਫ਼ ਲਾਅ ਐਂਡ ਰਿਲੀਜਨ ਰਿਸਰਚ ਦਾ ਹਵਾਲਾ ਦਿੰਦੇ ਹੋਏ ਸੰਸਦ ਮੈਂਬਰ ਰਿਚਰਡ ਹੋਲਡਨ ਨੇ ਕਿਹਾ ਕਿ ਇਨ੍ਹਾਂ ਵਿਆਹਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਆਮ ਬੱਚਿਆਂ ਦੇ ਮੁਕਾਬਲੇ ਜੈਨੇਟਿਕ ਬਿਮਾਰੀਆਂ ਹੋਣ ਦਾ ਖ਼ਤਰਾ ਦੁੱਗਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਪ੍ਰਵਾਸੀ ਭਾਈਚਾਰਿਆਂ, ਜਿਵੇਂ ਕਿ ਬ੍ਰਿਟਿਸ਼ ਪਾਕਿਸਤਾਨੀ ਅਤੇ ਆਇਰਿਸ਼ ਟ੍ਰੈਵਲਰਜ਼ ਵਿਚ ਚਚੇਰੇ ਭਰਾ-ਭੈਣਾਂ ਵਿਚਕਾਰ ਵਿਆਹ ਦੀ ਦਰ ਵਧੇਰੇ ਹੈ। ਇਨ੍ਹਾਂ ਵਿਚ 20-40 ਫ਼ੀਸਦੀ ਵਿਆਹ ਚਚੇਰੇ ਭਰਾ-ਭੈਣਾਂ ਵਿਚਕਾਰ ਹੁੰਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਲਗਭਗ 10 ਫ਼ੀਸਦੀ ਵਿਆਹ ਚਚੇਰੇ ਭਰਾ-ਭੈਣਾਂ ਵਿਚਕਾਰ ਹੁੰਦੇ ਹਨ। ਅਫਰੀਕਾ ਦੇ ਸਹਾਰਾ ਖੇਤਰ ਵਿੱਚ 35 ਤੋਂ 40 ਫ਼ੀਸਦੀ ਲੋਕ ਚਚੇਰੇ ਭਰਾ-ਭੈਣਾਂ ਨਾਲ ਵਿਆਹ ਕਰਦੇ ਹਨ। ਇਹ ਸੱਭਿਆਚਾਰ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਵਿੱਚ ਵੀ ਬਹੁਤ ਆਮ ਹੈ। ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਇਹ 80 ਫ਼ੀਸਦੀ ਤੱਕ ਪਹੁੰਚ ਗਿਆ ਹੈ। ਬ੍ਰਿਟੇਨ ਵਿਚ ਭੈਣ-ਭਰਾ, ਮਾਤਾ-ਪਿਤਾ ਜਾਂ ਆਪਣੇ ਬੱਚੇ ਨਾਲ ਵਿਆਹ 'ਤੇ ਪਾਬੰਦੀ ਹੈ, ਪਰ ਚਚੇਰੇ ਭਰਾ-ਭੈਣਾਂ ਵਿਚਕਾਰ ਵਿਆਹ ਬਾਰੇ ਕੋਈ ਕਾਨੂੰਨ ਨਹੀਂ ਹੈ। ਕਈ ਕੰਜ਼ਰਵੇਟਿਵ ਸਾਥੀਆਂ ਨੇ ਹੋਲਡਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਹਾਲਾਂਕਿ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਇਹ ਕਾਨੂੰਨ ਬਣਾਉਣਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: ਰੀਲ ਬਣਾਉਣ ਦੇ ਚੱਕਰ 'ਚ ਕੁੜੀ ਨੇ ਖ਼ਤਰੇ 'ਚ ਪਾਈ ਆਪਣੀ ਜਾਨ, ਚੱਲਦੀ ਟਰੇਨ 'ਚੋਂ ਡਿੱਗੀ ਬਾਹਰ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8