ਕੈਲੀਫੋਰਨੀਆ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਇਨਸਾਫ ਦੀ ਮੰਗ ਅਤੇ ਹਾਅ ਦਾ ਨਾਅਰਾ

Monday, Oct 10, 2022 - 11:15 AM (IST)

ਕੈਲੀਫੋਰਨੀਆ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਇਨਸਾਫ ਦੀ ਮੰਗ ਅਤੇ ਹਾਅ ਦਾ ਨਾਅਰਾ

ਨਿਊਯਾਰਕ/ਫਰਿਜ਼ਨੋ (ਰਾਜ ਗੋਗਨਾ/ਗੁਰਿੰਦਰਜੀਤ ਨੀਟਾ ਮਾਛੀਕੇ) ਬੀਤੇ ਦਿਨੀ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਮਰਸਿਡ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਦੇ ਨਾਲ ਸਬੰਧਿਤ 8-ਮਹੀਨੇ ਦੀ ਬੱਚੀ ਆਰੋਹੀ ਢੇਰੀ, ਉਸਦੇ ਪਿਤਾ ਜਸਦੀਪ ਸਿੰਘ ਅਤੇ ਮਾਤਾ ਜਸਲੀਨ ਕੌਰ ਅਤੇ ਚਾਚਾ ਅਮਨਦੀਪ ਸਿੰਘ ਦੇ ਅਗਵਾ ਅਤੇ ਬਾਅਦ ਵਿੱਚ ਕੀਤੇ ਕਤਲ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤ੍ਰਾਸਦੀ ਦੇ ਸ਼ਿਕਾਰ ਦੁੱਖੀ ਪਰਿਵਾਰ ਨਾਲ ਦਿਲੀ ਸੰਵੇਦਨਾ ਵਿਅਕਤ ਕਰਦੇ ਹੋਏ ਫਰਿਜ਼ਨੋ ਵਿਖੇ ਸਮੁੱਚੇ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਮਾਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ। 

PunjabKesari

ਇਸ ਸੰਬੰਧੀ ਫਰਿਜਨੋ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਹਾਅ ਦਾ ਨਾਅਰਾ ਮਾਰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਸ. ਮਨਜੀਤ ਸਿੰਘ ਪੱਤੜ ਅਤੇ ਸਾਥੀਆਂ ਦੇ ਸੱਦੇ ‘ਤੇ ਫਰਿਜਨੋ ਦੇ ਸਾਅ ਐਵਨਿਉ ਅਤੇ ਗੋਲਡਨ ਸਟੇਟ ਦੇ ਐਟਰ-ਸੈਕਸ਼ਨ ਉੱਪਰ ਬੈਨਰ ਫੜ ਪਰਿਵਾਰ ਨਾਲ ਹਾਅ ਦਾ ਨਾਅਰਾ ਮਾਰਦੇ ਹੋਏ, ਇਨਸਾਫ ਦੀ ਮੰਗ ਕੀਤੀ ਗਈ। ਜਿਸ ਵਿੱਚ ਸਮੁੱਚੇ ਭਾਈਚਾਰੇ ਦੇ ਵੱਲੋਂ ਸਹਿਯੋਗ ਦਿੱਤਾ ਗਿਆ। ਇਸੇ ਦੌਰਾਨ ਫਰਿਜਨੋ ਵਿੱਚ “ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ” ਫਰਿਜ਼ਨੋ ਵਿੱਚ ਸ਼ਾਮ ਨੂੰ ਮੋਮਬੱਤੀਆਂ ਲੈ ਮ੍ਰਿਤਕ ਪਰਿਵਾਰ ਨੂੰ ਸਰਧਾਂਜ਼ਲੀਆਂ ਦਿੰਦੇ ਹੋਏ ਇਕ ਕੈਂਡਲ ਵਿਗਲ ਵੀ ਕੀਤਾ ਗਿਆ। ਇੰਨਾਂ ਦੋਨਾਂ ਪ੍ਰੋਗਰਾਮਾਂ ਦੌਰਾਨ ਫਰਿਜ਼ਨੋ ਦੇ ਸਮੁੱਚੇ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਜਿੰਨ੍ਹਾਂ ਨੇ ਇਨਸਾਫ਼ ਦੀ ਮੰਗ ਅਤੇ ਸਮੁੱਚੇ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੈਲੀਫੋਰਨੀਆਂ ਦੇ ਸਰਕਾਰੀ ਸਿਸਟਮ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਨੇ ਕੈਨੇਡਾ ਨੂੰ ਖਾਲਿਸਤਾਨੀ ਰਾਇਸ਼ੁਮਾਰੀ ਨੂੰ ਰੋਕਣ ਲਈ ਕਿਹਾ, ਟਰੂਡੋ ਸਰਕਾਰ ਨੂੰ ਭੇਜਿਆ ਇਤਰਾਜ਼ ਪੱਤਰ

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੈਲੀਫੋਰਨੀਆ ਵਿੱਚ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਪਰਿਵਾਰਾ ਦੇ ਮੈਂਬਰ ਅਜਿਹੀਆਂ ਘਟਨਾਵਾਂ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੁਆ ਚੁੱਕੇ ਹਨ। ਇਸ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਮੀਡੀਏ ਨਾਲ ਗੱਲਬਾਤ ਕੀਤੀ। ਸਮੂੰਹ ਸੰਗਤਾਂ ਵੱਲੋਂ ਭਵਿੱਖ ਵਿੱਚ ਸਮੂਹ ਪਰਿਵਾਰਾਂ ਦੀ ਸੁਰੱਖਿਆ ਅਤੇ ਮਰਸਿਡ ਸ਼ਹਿਰ ਦੇ ਪਰਿਵਾਰ ਦੇ ਇਨਸਾਫ ਲਈ ਪੁਕਾਰ ਕੀਤੀ ਗਈ। ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਪੀੜ੍ਹਤ ਪਰਿਵਾਰ ਨੂੰ ਇਹ ਦੁਖਦਾਈ ਘਟਨਾ ਸਹਿਣ ਦਾ ਬਲ ਬਖਸ਼ਣ। 
 


author

Vandana

Content Editor

Related News