ਮਾਣ ਦੀ ਗੱਲ, ਭਾਰਤੀ ਮੂਲ ਦੀ ਦੀਪਤੀ ਵੈਦ ਨਿਊਜਰਸੀ ਦੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਮਿਊਂਸੀਪਲ ਜੱਜ ਬਣੀ
Monday, Feb 07, 2022 - 07:07 PM (IST)
ਨਿਊਜਰਸੀ (ਰਾਜ ਗੋਗਨਾ): ਭਾਰਤੀ ਅਮਰੀਕੀ ਦੀਪਤੀ ਵੈਦ ਡੇਢੀਆ ਐਡੀਸਨ ਅਤੇ ਨਿਊਜਰਸੀ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਦੱਖਣੀ ਏਸ਼ੀਆਈ ਮਿਊਂਸੀਪਲ ਕੋਰਟ ਦੀ ਜੱਜ ਬਣ ਗਈ ਹੈ, ਜਿਸ ਵਿੱਚ ਨਿਊਜਰਸੀ ਸੂਬੇ ਦੀ ਐਡੀਸਨ ਟਾਊਨਸ਼ਿਪ ਕੌਂਸਲ ਨੇ ਉਸਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ। ਦੀਪਤੀ ਵੈਦ ਡੇਢੀਆ ਦੀ ਨਿਯੁਕਤੀ 'ਤੇ ਨਿਊਜਰਸੀ ਦੇ ਭਾਰਤੀ ਮੂਲ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਭਾਰਤੀ ਲੋਕਾਂ ਨੂੰ ਮਾਣ ਹੋਣਾ ਚਾਹੀਦਾ ਹੈ, ਇਕ ਭਾਰਤੀ ਮਹਿਲਾ ਐਡੀਸਨ ਨਿਊਜਰਸੀ ਸੂਬੇ ਦੀ ਪਹਿਲੀ ਦੱਖਣੀ ਏਸ਼ੀਆਈ ਜੱਜ ਬਣੀ ਹੈ।
ਸੰਨ 2021 ਵਿਚ ਭਾਰਤੀ ਅਮਰੀਕੀ ਮੇਅਰ ਸੈਮ ਜੋਸ਼ੀ ਨੇ ਉਸ ਨੂੰ ਨਾਮਜ਼ਦ ਕੀਤਾ ਸੀ। ਮੇਅਰ ਸੈਮ ਜੋਸ਼ੀ ਨੇ ਕਿਹਾ ਕਿ ਉਹ ਇਸ ਨੌਕਰੀ ਲਈ ਸਭ ਤੋਂ ਯੋਗ ਉਮੀਦਵਾਰ ਸੀ। ਮੇਅਰ ਨੇ ਕਿਹਾ ਕਿ “ਦੀਪਤੀ ਵੈਦ ਡੇਢੀਆ ਨੂੰ ਐਡੀਸਨ ਦੀ ਮਿਊਂਸੀਪਲ ਕੋਰਟ ਵਿਚ ਜੱਜ ਵਜੋਂ ਨਾਮਜ਼ਦ ਕਰਨਾ ਸੱਚਮੁੱਚ ਮੇਰੇ ਲਈ ਬੜੇ ਸਨਮਾਨ ਗੱਲ ਹੈ। ਮੇਅਰ ਨੇ ਦੱਸਿਆ ਕਿ ਸਾਡੇ ਕੌਂਸਲ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਨਾਮਜ਼ਦਗੀ ਦਾ ਸਮਰਥਨ ਕੀਤਾ। ਭਾਰਤ ਵਿੱਚ ਜਨਮੀ ਡੇਢੀਆ, ਇੱਕ ਪਤਨੀ ਅਤੇ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਉਹ 2 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਨਾਲ ਨਿਊਜਰਸੀ (ਅਮਰੀਕਾ) ਚਲੀ ਗਈ ਅਤੇ ਉਹ ਪਿਛਲੇ 36 ਸਾਲਾਂ ਤੋਂ ਇਸ ਰਾਜ ਵਿੱਚ ਰਹਿ ਰਹੀ ਹੈ, ਜਿਸ ਵਿੱਚ ਐਡੀਸਨ (ਨਿਉੂਜਰਸੀ) ਵਿੱਚ 20 ਸਾਲ ਦਾ ਸਮਾਂ ਸ਼ਾਮਲ ਹੈ। ਇਸ ਤੋਂ ਪਹਿਲਾਂ ਉਹ ਰੁਜ਼ਗਾਰ ਸਲਾਹਕਾਰ ਅਤੇ ਨਿਊਜਰਸੀ ਰਾਜ ਲਈ ਲੇਬਰ ਵਿੱਚ ਡਿਪਟੀ ਅਟਾਰਨੀ ਜਨਰਲ ਦੇ ਤੌਰ 'ਤੇ ਨਿਯੁਕਤ ਸੀ।
ਪੜ੍ਹੋ ਇਹ ਅਹਿਮ ਖ਼ਬਰ- Hyundai ਦਾ ਦੋਹਰਾ ਚਿਹਰਾ ਬੇਨਕਾਬ! ਪਾਕਿ ਦੀ ਤਰਫ਼ਦਾਰੀ 'ਤੇ ਮੰਗਣੀ ਪਈ ਮੁਆਫ਼ੀ, ਭਾਰਤ ਨੂੰ ਦੱਸਿਆ ਦੂਜਾ ਘਰ
ਡੇਢੀਆ ਨੇ ਸੇਟਨ ਹਾਲ ਯੂਨੀਵਰਸਿਟੀ ਆਫ਼ ਲਾਅ ਤੋਂ ਜੂਰੀਸ ਡਾਕਟਰੀ ਪ੍ਰਾਪਤ ਕਰਨ ਤੋਂ ਪਹਿਲਾਂ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹਾਸਲ ਕੀਤੀ।ਉਸ ਨੇ ਇਸ ਤੋਂ ਪਹਿਲਾਂ ਰੁਜ਼ਗਾਰ ਦੇ ਕਈ ਗੁੰਝਲਦਾਰ ਮਾਮਲਿਆਂ ਵਿੱਚ ਮੁਕੱਦਮੇਬਾਜ਼ੀ ਕਰਨ, ਕਾਨੂੰਨ ਜਾਂ ਨੀਤੀ ਦੀ ਉਲੰਘਣਾ ਕਰਨ ਵਾਲੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਪ੍ਰਸ਼ਾਸਨ ਅਤੇ ਮਜ਼ਦੂਰ ਯੂਨੀਅਨਾਂ ਵਿਚਕਾਰ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਕਰਮਚਾਰੀ ਸਬੰਧਾਂ ਦੇ ਰਾਜਪਾਲ ਦੇ ਦਫਤਰ ਦੀ ਵੀ ਕਈ ਦਹਾਕੇ ਨੁਮਾਇੰਦਗੀ ਕੀਤੀ। ਡੇਢੀਆ ਨੇ ਪਾਸੈਕ ਕਾਉਂਟੀ ਸੁਪੀਰੀਅਰ ਕੋਰਟ ਕਲਰਕ ਦੇ ਆਹੁਦੇ ਦੌਰਾਨ ਐਵਾਰਡ ਵੀ ਪ੍ਰਾਪਤ ਕੀਤਾ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।