ਰੰਗ-ਬਰੰਗੀਆਂ ਦਸਤਾਰਾਂ ਨਾਲ ਸਜਿਆ ਸਪਰਿੰਗਫੀਲਡ, ਅਮਰੀਕਾ ਦਾ ਸੱਭਿਆਚਾਰਕ ਮੇਲਾ

09/30/2023 9:51:33 AM

ਨਿਊਯਾਰਕ (ਰਾਜ ਗੋਗਨਾ) - ਅਮਰੀਕਾ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਵੱਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿੱਚ ਮੇਲੇ ਲਗਾਏ ਜਾਂਦੇ ਹਨ। ਸਿੱਖ ਵੀ ਇਨ੍ਹਾਂ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਅਜਿਹਾ ਹੀ ਇਕ ਮੇਲਾ ਓਹਾਇਓ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਲਗਾਇਆ ਗਿਆ, ਜਿਸ ਵਿੱਚ 10 ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ। ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਗਏ ਹੋਣ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅਮਰੀਕਾ ਵਿੱਚ 9/11 ਦੇ ਦਹਿਸ਼ਤੀ ਹਮਲੇ ਸਮੇਂ ਸਿੱਖਾਂ ਨੂੰ ਮੁਸਲਮਾਨ ਸਮਝਕੇ ਉਨ੍ਹਾਂ ‘ਤੇ ਹਮਲੇ ਕੀਤੇ ਗਏ, ਇੱਥੋਂ ਤੱਕ ਕਿ ਅਰੀਜੋਨਾ ਵਿੱਚ ਪੰਜਾਬੀ ਸ. ਬਲਬੀਰ ਸਿੰਘ ਸੋਢੀ ਵਾਸੀ ਪਿੰਡ ਨਡਾਲਾ ਕਪੂਰਥਲਾ ਦਾ ਇਕ ਗੋਰੇ ਨੇ ਮੁਸਲਮਾਨ ਸਮਝਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਹੋਣ ਲੱਗੇ। ਇਨ੍ਹਾਂ ਮੇਲਿਆਂ ਵਿੱਚ ਸਟਾਲ ਲਾ ਕੇ ਸਿੱਖਾਂ ਬਾਰੇ ਸਾਹਿਤ ਵੰਡਿਆ ਜਾਣ ਲੱਗਾ।​

PunjabKesari

ਅਜਿਹਾ ਹੀ ਉਪਰਾਲਾ ਓਹਾਇਓ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਵਿੱਚ ਉੱਥੋਂ ਦੇ ਨਿਵਾਸੀ ਅਵਤਾਰ ਸਿੰਘ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦੇ ਪਰਿਵਾਰ ਵੱਲੋਂ ਪਿਛਲੇ 22 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਡੇਟਨ ਤੇ ਸਿਨਸਿਨਾਟੀ ਦੇ ਵਸਨੀਕ ਵੀ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ। ਸਿੱਖਾਂ ਵਿੱਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮੈਰੀਕਨਾਂ ਦੇ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਮੇਲੇ ਵਿਚ ਜਿਵੇਂ ਹੀ ਦਸਤਾਰਾਂ ਬਨਣੀਆਂ ਸ਼ੁਰੂ ਕੀਤੀਆਂ ਗਈਆਂ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਸਿਰਫ 2 ਕੁ ਘੰਟਿਆਂ ਦੇ ਸਮੇਂ ਵਿੱਚ 250 ਤੋਂ ਵੱਧ ਦਸਤਾਰਾਂ ਖ਼ਤਮ ਹੋ ਗਈਆਂ। ਦਸਤਾਰਾਂ ਸਜਾਉਣ ਵਾਲਿਆਂ ਵਿੱਚ ਸਿਟੀ ਮੇਅਰ ਵੈਰਨ ਕੋਪਲੈਂਡ, ਸਾਬਕਾ ਸਿਟੀ ਕਮਿਸ਼ਨਰ ਜੋਹਨ ਡੇਟਰਿਕ ਤੇ ਪੁਲਸ ਚੀਫ਼ ਐਲੀਸਨ ਇਲੀਅਟ, ਟੀਨਾ ਸਮਿੱਥ ਅਤੇ ਆਈਸ਼ਾ ਜੋਹਨਸਨ ਸ਼ਾਮਲ ਸਨ। 

PunjabKesari

ਇੰਟਰਫ਼ੇਥ ਦੀ ਪ੍ਰਧਾਨ ਇਲੈਨਾ ਬ੍ਰੈਡਲੀ, ਗੇਰੀ ਸਿੰਘ ਅਮਰੀਕਨ ਗੋਰੇ, ਕੇ ਸੀ ਰੋਲੇਨਡ ਨੇ ਵੀ ਸਟਾਲ 'ਤੇ ਆ ਕੇ ਆਪਣੀ ਹਾਜ਼ਰੀ ਭਰੀ। ਦਸਤਾਰਾਂ ਸਜਾਉਣ ਵਾਲਿਆਂ ਵਿਚ ਸਿਰਫ਼ ਪੁਰਸ਼ ਹੀ ਨਹੀਂ ਸਗੋਂ ਇਸਤਰੀਆਂ ਵੀ ਸ਼ਾਮਲ ਸਨ। ਉਹਨਾਂ ਨੇ ਦਸਤਾਰਾਂ ਨਾਲ ਲੈ ਕੇ ਜਾਣ ਦੀ ਇੱਛਾ ਵੀ ਜਾਹਿਰ ਕੀਤੀ ਤਾਂ ਜੋ ਉਹ ਇਸ ਨੂੰ ਆਪਣੇ ਆਪ ਵੀ ਬੰਨ੍ਹ ਸਕਣ। ਰੰਗ ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ। ਸਿਟੀ ਹਾਲ ਪਲਾਜ਼ਾ ਵਿਖੇ ਆਯੋਜਤ ਇਸ ਸੱਭਿਆਚਾਰਕ ਮੇਲੇ ਵਿਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨ੍ਹਿਆ ਅਤੇ ਜਦੋਂ ਢੋਲ ਵੱਜਿਆ ਤਾਂ ਸਾਰੇ ਲੋਕ ਦੌੜੇ ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ। ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਵੀ ਰੱਖੀਆਂ ਗਈਆਂ ਸਨ।

PunjabKesari


cherry

Content Editor

Related News