ਭਾਰਤ ''ਚ ਬਾਲ ਮੌਤ ਦਰ ''ਚ ਆਈ ਕਮੀ ਪਰ ਕੋਰੋਨਾ ਕਾਰਨ ਵੱਧ ਸਕਦੇ ਮਾਮਲੇ : ਸੰਯੁਕਤ ਰਾਸ਼ਟਰ
Thursday, Sep 10, 2020 - 09:31 AM (IST)
ਨਿਊਯਾਰਕ, (ਭਾਸ਼ਾ)- ਭਾਰਤ ਦੀ ਬਾਲ ਮੌਤ ਦਰ ’ਚ 1990 ਤੋਂ 2019 ਦਰਮਿਆਨ ਬਹੁਤ ਕਮੀ ਆਈ ਹੈ, ਪਰ ਪਿਛਲੇ ਸਾਲ 5 ਸਾਲ ਤੋਂ ਘੱਟ ਉਮਰ ਦੇ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਉਨ੍ਹਾਂ ਵਿਚੋਂ ਲਗਭਗ ਇਕ ਤਿਹਾਈ ਬੱਚੇ ਭਾਰਤ ਅਤੇ ਨਾਈਜੀਰੀਆ ਦੇ ਸਨ।
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਸੁਚੇਤ ਕੀਤਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਸੰਸਾਰਕ ਪੱਧਰ ’ਤੇ ਬਾਲ ਮੌਤ ਦਰ ’ਚ ਆਈ ਕਮੀ ਦੀ ਦਿਸ਼ਾ ’ਚ ਦਹਾਕਿਆਂ ’ਚ ਹੋਈ ਤਰੱਕੀ ’ਤੇ ਪਾਣੀ ਫੇਰ ਸਕਦੀ ਹੈ। ‘ਬਾਲ ਮੌਤ ਦਰ ਦੇ ਪੱਧਰ ਅਤੇ ਰੁਝਾਨ’ ਰਿਪੋਰਟ 2020 ’ਚ ਕਿਹਾ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੀ ਗਿਣਤੀ 1990 ’ਚ ਇਕ ਕਰੋੜ 25 ਲੱਖ ਤੋਂ ਘੱਟ ਕੇ 2019 ’ਚ 52 ਲੱਖ ਰਹਿ ਗਈ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਲਗਭਗ 30 ਸਾਲਾਂ ’ਚ ਸਿਹਤ ਸੇਵਾਵਾਂ ’ਚ ਸੁਧਾਰ ਨਾਲ ਬਾਲ ਮੌਤ ਦਰ ’ਚ ਕਮੀ ਆਈ ਹੈ।
ਮੌਤ ਦਰ ਸਬੰਧੀ ਯੂਨੀਸੇਫ, ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.), ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਕ ਮਾਮਲਿਆਂ ਦੇ ਵਿਭਾਗ ਦੇ ਜਨਸੰਖਿਆ ਡਿਵੀਜਨ ਅਤੇ ਵਿਸ਼ਵ ਬੈਂਕ ਸਮੂਹ ਵਲੋਂ ਜਾਰੀ ਨਵੇਂ ਅਨੁਮਾਨ ਮੁਤਾਬਕ, ਭਾਰਤ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਪ੍ਰਤੀ 1000 ਬੱਚਿਆਂ ਦੀ ਮੌਤ) 1990 ’ਚ 126 ਤੋਂ ਘੱਟ ਹੋਕੇ 2019 ’ਚ 34 ਰਹਿ ਗਈ। ਦੇਸ਼ ’ਚ 1990 ਤੋਂ 2019 ਦਰਮਿਆਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ’ਚ 4.5 ਫੀਸਦੀ ਦੀ ਆਰਥਿਕ ਕਮੀ ਦਰਜ ਕੀਤੀ ਗਈ ਹੈ।