ਮਲੇਸ਼ੀਆ ''ਚ ਗੈਰ-ਕਾਨੂੰਨੀ ਸ਼ਰਾਬ ਦੇ ਸੇਵਨ ਨਾਲ 21 ਲੋਕਾਂ ਦੀ ਮੌਤ, ਕਈ ਬਿਮਾਰ

09/19/2018 7:31:18 PM

ਕੁਆਲਾਲੰਪੁਰ— ਮਲੇਸ਼ੀਆ 'ਚ ਗੈਰ-ਕਾਨੂੰਨੀ ਸ਼ਰਾਬ ਦੇ ਸੇਵਨ ਨਾਲ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਕਈ ਲੋਕਾਂ ਦੇ ਬਿਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਮਲੇਸ਼ੀਆ ਦੇ ਸਿਹਤ ਮੰਤਰੀ ਡੀ ਅਹਿਮਦ ਨੇ ਦੱਸਿਆ ਕਿ ਇਸ ਦੇ ਸੇਵਨ ਨਾਲ ਬਿਮਾਰ ਹੋਏ ਬਹੁਤ ਸਾਰੇ ਲੋਕ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮ੍ਰਿਕਤਾਂ ਦੀ ਗਿਣਤੀ ਵਧਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜਧਾਨੀ ਕੁਆਲਾਲੰਪੁਰ ਤੇ ਇਸ ਨਾਲ ਲੱਗਦੇ ਸੂਬਿਆਂ 'ਚ ਜ਼ਹਿਰੀਲੇ ਮੇਸ਼ਨਾਲ ਦੇ 57 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਪੀੜਤ ਲੋਕਾਂ 'ਚ ਪੰਜ ਮਲੇਸ਼ੀਆਈ ਨਾਗਰਿਕ ਹਨ ਜਦਕਿ ਬਾਕੀ ਲੋਕ ਬੰਗਲਾਦੇਸ਼, ਇੰਡੋਨੇਸ਼ੀਆ, ਮਿਆਂਮਾਰ ਤੇ ਨੇਪਾਲ ਦੇ ਹਨ।

ਸੇਲੇਨਗੋਰ ਸੂਬੇ ਦੇ ਪੁਲਸ ਮੁਖੀ ਮਜਲਾਨ ਮੰਸੂਰ ਨੇ ਇਕ ਬਿਆਨ 'ਚ ਦੱਸਿਆ ਕਿ ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ ਨਿਰਮਾਣ ਦੇ 12 ਟਿਕਾਣਿਆਂ 'ਤੇ ਛਾਪੇ ਮਾਰ ਕੇ ਵ੍ਹਿਸਕੀ ਤੇ ਬੀਅਰ ਦੀਆਂ ਕਰੀਬ 3000 ਬੋਤਲਾਂ ਬਰਾਮਦ ਕੀਤੀਆਂ ਹਨ ਤੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਸਲਿਮ ਵੱਡੀ ਗਿਣਤੀ ਵਾਲੇ ਦੇਸ਼ ਮਲੇਸ਼ੀਆ 'ਚ ਸ਼ਰਾਬ 'ਤੇ ਟੈਕਸ ਦੀਆਂ ਉੱਚੀਆਂ ਦਰਾਂ ਕਾਰਨ ਇਥੇ ਪ੍ਰਵਾਸੀ ਮਜ਼ਦੂਰਾਂ 'ਚ ਸਸਤੀ ਤੇ ਘਰਾਂ 'ਚ ਬਣਾਈ ਸ਼ਰਾਬ ਦੇ ਸੇਵਨ ਦੀ ਆਦਤ ਹੈ।


Related News