ਅਮਰੀਕਾ ਜਾ ਰਹੇ ਪੰਜਾਬੀ ਨਾਲ ਵਾਪਰਿਆ ਭਾਣਾ, ਪਨਾਮਾ ਨਹਿਰ 'ਚ ਡੁੱਬਣ ਨਾਲ ਹੋਈ ਮੌਤ
Saturday, Nov 11, 2017 - 03:57 PM (IST)
ਪਨਾਮਾ/ਜਲਾਲਪੁਰ,(ਬਿਊਰੋ)— ਪੰਜਾਬੀ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਇੰਨਾ ਕੁ ਚਾਅ ਹੈ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਜਾਣ ਲਈ ਵੀ ਤਿਆਰ ਹੋ ਜਾਂਦੇ ਹਨ। ਗਲਤ ਏਜੰਟਾਂ ਦੇ ਹੱਥ ਲੱਗ ਕੇ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਅਜਿਹਾ ਹੀ ਹੋਇਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਥਾਣਾ ਟਾਂਡਾ ਦੇ ਰਹਿਣ ਵਾਲਾ ਇਕ ਨੌਜਵਾਨ ਗੁਰਪ੍ਰੀਤ ਸਿੰਘ (19) ਨਾਲ, ਜੋ ਨਾਜਾਇਜ਼ ਢੰਗ ਨਾਲ ਅਮਰੀਕਾ ਜਾ ਰਿਹਾ ਸੀ। ਰਸਤੇ 'ਚ ਉਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਉਸ ਦੇ ਨਾਲ ਕਈ ਸਾਥੀ ਪਨਾਮਾ ਨੇੜੇ ਨਹਿਰ ਨੂੰ ਪਾਰ ਕਰ ਰਹੇ ਸਨ ਪਰ ਗੁਰਪ੍ਰੀਤ ਦਾ ਪੈਰ ਫਿਸਲ ਗਿਆ ਅਤੇ ਉਸ ਦੀ ਮੌਤ ਹੋ ਗਈ।
ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਜਲਾਲਪੁਰ ਤਕਰੀਬਨ ਇਕ ਮਹੀਨਾ ਪਹਿਲਾਂ ਦਿੱਲੀ ਦੇ ਕਿਸੇ ਟਰੈਵਲ ਏਜੰਟ ਰਾਹੀਂ ਕਥਿਤ ਤੌਰ 'ਤੇ ਨਾਜਾਇਜ਼ ਢੰਗ ਨਾਲ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਕੁਝ ਦਿਨ ਪਹਿਲਾਂ ਹੋਰ ਨੌਜਵਾਨਾਂ ਨਾਲ ਰਲ ਕੇ ਉਹ ਪਨਾਮਾ 'ਚ ਦਾਖਲ ਹੋਣ ਲਈ ਨਹਿਰ ਪਾਰ ਕਰਦੇ ਸਮੇਂ ਫਿਸਲ ਕੇ ਪਾਣੀ ਦੇ ਤੇਜ਼ ਵਹਾਅ 'ਚ ਡੁੱਬ ਕੇ ਰੁੜ੍ਹ ਗਿਆ।
ਸੂਤਰਾਂ ਮੁਤਾਬਕ ਉਸ ਦੀ ਆਪਣੇ ਪਰਿਵਾਰ ਨਾਲ ਕੁੱਝ ਦਿਨ ਪਹਿਲਾਂ ਉਸ ਦੀ ਗੱਲ ਹੋਈ ਸੀ। ਏਜੰਟ ਨੇ ਸਭ ਠੀਕ ਹੋਣ ਦਾ ਭਰੋਸਾ ਦੇ ਕੇ ਮਾਮਲੇ ਨੂੰ ਕੁਝ ਦੇਰ ਲਈ ਸ਼ਾਂਤ ਕਰਵਾ ਲਿਆ ਸੀ ਪਰ ਜਦੋਂ ਉਸ ਦੇ ਨਾਲ ਨਹਿਰ ਪਾਰ ਕਰ ਰਹੇ ਸਾਥੀਆਂ ਨੇ ਇਸ ਬਾਰੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਇਸ ਮਗਰੋਂ ਗੁਰਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਵਰਨਣਯੋਗ ਹੈ ਕਿ ਇਸ ਲੜਕੇ ਨੂੰ ਅਮਰੀਕਾ ਭੇਜਣ ਲਈ 30 ਲੱਖ ਰੁਪਏ ਦਾ ਸੌਦਾ ਹੋਇਆ ਸੀ, ਜਦੋਂਕਿ ਰਸਤੇ 'ਚ ਹੀ ਇਹ ਹਾਦਸਾ ਵਾਪਰ ਗਿਆ। ਪਰਿਵਾਰ ਵਾਲੇ ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਸਦਮੇ 'ਚ ਹਨ।