ਕੈਨੇਡਾ 'ਚ ਲੁਧਿਆਣੇ ਦੇ ਨੌਜਵਾਨ ਦੀ ਮੌਤ

Saturday, Dec 23, 2017 - 12:01 PM (IST)

ਵੈਨਕੂਵਰ, (ਰਾਜੇਸ਼ ਅੰਸਲ)— ਕੈਨੇਡਾ ਤੋਂ ਇਕ ਬਹੁਤ ਹੀ ਦੁੱਖ ਦੀ ਖਬਰ ਮਿਲੀ ਹੈ, ਇੱਥੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਆਈ ਹੈ। ਸੜਕ ਹਾਦਸੇ ਦੌਰਾਨ ਮ੍ਰਿਤਕ ਦੀ ਪਛਾਣ 37 ਸਾਲਾ ਨੌਜਵਾਨ ਰਣਜੀਤ ਸਿੰਘ ਉਰਫ ਰਾਜੀ ਕੈਲ਼ਾ ਵਜੋਂ ਹੋਈ ਹੈ, ਜੋ ਕਿ ਕੈਨੇਡੀਅਨ ਜੰਮਪਲ ਸੀ। ਵੈਨਕੂਵਰ 'ਚ ਉਹ ਟੈਕਸੀ ਨੰਬਰ 54 ਚਲਾਉਂਦਾ ਸੀ ਤੇ ਬਹੁਤ ਹੀ ਨੇਕ ਦਿਲ ਇਨਸਾਨ ਸੀ। ਜਾਣਕਾਰੀ ਮੁਤਾਬਕ ਉਸ ਦਾ ਪਿਛਲਾ ਪਿੰਡ ਕੈਲ਼ਾ ਜ਼ਿਲ੍ਹਾ ਲੁਧਿਆਣਾ ਸੀ। ਫਿਲਹਾਲ ਉਹ ਡੈਲਟਾ, ਬ੍ਰਿਟਿਸ਼ ਕੋਲੰਬੀਆ ਵਿਖੇ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਰਾਜੀ ਦੀ ਗੱਡੀ ਰਿਚਮੰਡ ਦੇ ਮਿਸਰੀ ਮਾਇਲ ਖੇਤਰ 'ਚ ਬਰਫਬਾਰੀ ਕਾਰਨ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਹ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਇੱਕ ਭੈਣ ਅਤੇ ਸੁਪਤਨੀ ਤੋਂ ਇਲਾਵਾ 4 ਅਤੇ 7 ਸਾਲ ਦੇ ਦੋ ਬੱਚੇ ਛੱਡ ਗਿਆ ਹੈ। ਰਾਜੀ ਦੇ ਵੱਡੇ ਭਰਾ ਦੀ ਵੀ ਕੁਝ ਅਰਸਾ ਪਹਿਲਾਂ ਮੌਤ ਹੋ ਗਈ ਸੀ। ਰਣਜੀਤ ਸਿੰਘ ਰਾਜੀ ਦਾ ਸਸਕਾਰ 30 ਦਸੰਬਰ, 2017 ਦਿਨ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਰਿਵਰ ਸਾਈਡ ਫਿਊਨਰਲ ਹੋਮ 7410 ਹੌਪਕੌਟ ਰੋਡ ਡੈਲਟਾ ਵਿਖੇ ਹੋਵੇਗਾ। ਇਸ ਉਪਰੰਤ ਉਸ ਦੇ ਨਮਿਤ ਰਖਾਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਨਾਨਕਸਰ ਵੈਸਟਮਿਨਸਟਰ ਹਾਈਵੇ ਰਿਚਮੰਡ ਵਿਖੇ ਹੋਵੇਗੀ। ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਬਰਫ ਪੈ ਰਹੀ ਹੈ ਤੇ ਇਸੇ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ।


Related News