ਔਰਤ ਦੇ ਸੂਪ 'ਚੋਂ ਮਰਿਆ ਚੂਹਾ ਨਿਕਲਣ ਤੋਂ ਬਾਅਦ ਰੈਸਤਰਾਂ ਨੂੰ ਲੱਗਾ 19 ਕਰੋੜ ਡਾਲਰ ਦਾ ਝਟਕਾ
Friday, Sep 14, 2018 - 09:23 PM (IST)

ਬੀਜਿੰਗ— ਚੀਨ ਦੇ ਰੈਸਤਰਾਂ ਲਈ ਇਕ ਔਰਤ ਦੇ ਖਾਣੇ 'ਚੋਂ ਮਰਿਆ ਹੋਇਆ ਚੂਹਾ ਮਿਲਣਾ ਉਸ ਰੈਸਤਰਾਂ ਨੂੰ ਭਾਰੀ ਪੈ ਗਿਆ। ਇਸ ਦੇ ਲਈ ਨਾ ਸਿਰਫ ਰੈਸਟੋਰੈਂਟ ਨੂੰ ਬੰਦ ਕਰਨਾ ਪਿਆ ਬਲਕਿ ਉਸ ਦੇ ਸ਼ੇਅਰ ਡਿੱਗਣ ਨਾਲ ਉਸ ਨੂੰ 19 ਕਰੋੜ ਡਾਲਰ ਦਾ ਨੁਕਸਾਨ ਵੀ ਹੋਇਆ।
ਮੀਡੀਆ 'ਚ ਆਈਆਂ ਖਬਰਾਂ ਮੁਤਾਬਕ 6 ਸਤੰਬਰ ਨੂੰ ਇਕ ਗਰਭਵਤੀ ਔਰਤ ਆਪਣੇ ਪਰਿਵਾਰ ਨਾਲ ਚੀਨ ਦੇ ਸ਼ੇਡੋਂਗ 'ਚ ਜਿਯਾਬੂ ਹਾਟ-ਪਾਟ ਰੈਸਤਰਾਂ 'ਚ ਗਈ, ਜਿਥੇ ਉਸ ਨੇ ਆਰਡਰ ਕੀਤੇ ਖਾਣੇ ਦੇ ਕੁਝ ਨਿਵਾਲੇ ਹੀ ਮੂੰਹ 'ਚ ਪਾਏ ਸਨ ਕਿ ਉਸ ਨੂੰ ਆਪਣੇ ਖਾਣੇ 'ਚ ਇਕ ਮਰਿਆ ਹੋਇਆ ਚੂਹਾ ਦਿਖਾਈ ਦਿੱਤਾ। ਔਰਤ ਦਾ ਇਹ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਰੈਸਤਰਾਂ ਹਾਟ-ਪਾਟ ਆਪਣੇ ਖਾਣੇ ਲਈ ਇਲਾਕੇ 'ਚ ਬਹੁਚ ਪ੍ਰਸਿੱਧ ਹੈ।
ਇਸ ਘਟਨਾ ਤੋਂ ਬਾਅਦ ਹੋਟਲ ਪ੍ਰਬੰਧਨ ਨੇ ਆਪਣੇ ਵਲੋਂ ਹੋਈ ਇਸ ਗਲਤੀ ਲਈ ਔਰਤ ਨੂੰ ਮੁਆਵਜ਼ੇ ਦੇ ਤੌਰ 'ਤੇ 5000 ਯੂਆਨ (729 ਅਮਰੀਕੀ ਡਾਲਰ) ਦੇਣ ਦੀ ਪੇਸ਼ਕਸ਼ ਕੀਤੀ। ਇਕ ਸਥਾਨਕ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਔਰਤ ਦੇ ਪਤੀ ਨੇ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਮੁਆਵਜ਼ੇ ਦੀ ਰਾਸ਼ੀ ਤੋਂ ਪਹਿਲਾਂ ਉਨ੍ਹਾਂ ਦੀ ਗਰਭਵਤੀ ਪਤਨੀ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਜਾਂ ਨਹੀਂ।
ਔਰਤ ਨੇ ਇਹ ਦੋਸ਼ ਵੀ ਲਾਇਆ ਕਿ ਰੈਸਤਰਾਂ ਦੇ ਕਰਮਚਾਰੀਆਂ 'ਚੋਂ ਇਕ ਨੇ ਸੁਝਾਅ ਦਿੱਤਾ ਕਿ ਜੇਕਰ ਮਹਿਲਾ ਆਪਣੇ ਗਰਭ 'ਚ ਪਲ ਰਹੇ ਬੱਚੇ ਨੂੰ ਲੈ ਕੇ ਚਿੰਤਤ ਹੈ ਤਾਂ ਉਸ ਨੂੰ ਗਰਭਪਾਤ ਕਰਾਉਣ ਲਈ 20,000 ਯੂਆਨ ਦਿੱਤੇ ਜਾ ਸਕਦੇ ਹਨ। ਇਸ ਘਟਨਾ ਤੋਂ ਬਾਅਦ ਆਊਟਲੈਟ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਬੀਬੀਸੀ ਨੇ ਦੱਸਿਆ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਵੀ 190 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ।